ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ 'ਚ ਅੱਜ ਜੀਐਸਟੀ ਪਰਿਸ਼ਦ ਦੀ ਬੈਠਕ ਹੋਵੇਗੀ। ਇਸ ਬੈਠਕ 'ਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਕੋਰੋਨਾ ਨਾਲ ਜੁੜੀ ਸਮੱਗਰੀ ਜਿਵੇਂ ਦਵਾਈਆਂ, ਟੀਕਿਆਂ ਤੇ ਮੈਡੀਕਲ ਉਪਕਰਣਾਂ 'ਤੇ ਟੈਕਸ ਘਟਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਬੈਠਕ ਚ ਸੂਬਿਆਂ ਨੂੰ ਰਾਜਸਵ 'ਚ ਹੋਏ ਨੁਕਾਸਨ ਤੇ ਇਸ ਦੀ ਭਰਪਾਈ ਨੂੰ ਲੈਕੇ ਵੀ ਚਰਚਾ ਸੰਭਵ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਾਲੀ ਜੀਐਸਟੀ ਪਰਿਸ਼ਦ ਦੀ ਬੈਠਕ ਕਰੀਬ ਅੱਠ ਮਹੀਨੇ ਬਾਅਦ ਹੋ ਰਹੀ ਹੈ।


ਬੈਠਕ ਤੋਂ ਪਹਿਲਾਂ ਗੈਰ-ਬੀਜੇਪੀ ਸ਼ਾਸਤ ਸੂਬਿਆਂ ਰਾਜਸਥਾਨ, ਪੰਜਾਬ, ਛੱਤੀਸਗੜ੍ਹ, ਤਾਮਿਲਨਾਡੂ, ਮਹਾਰਾਸ਼ਟਰ, ਝਾਰਖੰਡ, ਕੇਰਲ ਤੇ ਪੱਛਮੀ ਬੰਗਾਲ ਨੇ ਕੋਰੋਨਾ ਨਾਲ ਜੁੜੇ ਜ਼ਰੂਰੀ ਸਮਾਨ ਤੇ ਟੈਕਸ ਖਤਮ ਕਰਨ ਲਈ ਸੰਯੁਕਤ ਰਣਨੀਤੀ ਤਿਆਰ ਕੀਤੀ ਹੈ।


ਜੀਐਸਟੀ ਪਰਿਸ਼ਦ 'ਚ ਸਾਰੇ ਸੂਬਿਆਂ ਤੇ ਸੰਘ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਤੀਨਿਧ ਸ਼ਾਮਲ ਹੋਣਗੇ। ਟੈਕਸ ਦੀਆਂ ਦਰਾਂ 'ਤੇ ਗੱਲਬਾਤ ਤੋਂ ਇਲਾਵਾ ਇਸ ਬੈਠਕ 'ਚ ਸੂਬਿਆਂ ਨੂੰ ਕਰੀਬ 2.69 ਲੱਖ ਕਰੋੜ ਰੁਪਏ ਦੀ ਰਾਸ਼ੀ ਦੇਣ 'ਤੇ ਚਰਚਾ ਹੋ ਸਕਦੀ ਹੈ।


ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਜੀਐਸਟੀ ਦਰਾਂ 'ਤੇ ਫਿੱਟਮੈਂਟ ਕਮੇਟੀ ਨੇ ਜੀਐਸਟੀ ਪਰਿਸ਼ਦ ਨੂੰ ਇਕ ਰਿਪੋਰਟ ਦਿੱਤੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਰਿਪੋਰਟ 'ਚ ਕੋਰੋਨਾ ਟੀਕੇ, ਦਵਾਈਆਂ ਤੇ ਹੋਰ ਉਪਕਰਣਾਂ 'ਤੇ ਟੈਕਸ ਜ਼ੀਰੋ ਕਰਨ ਨੂੰ ਲੈਕੇ ਗੱਲ ਕਹੀ ਗਈ ਹੈ।


ਇਸ ਤੋਂ ਪਹਿਲਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਕੋਰੋਨਾ ਟੀਕਿਆਂ, ਦਵਾਈਆਂ ਤੇ ਆਕਸੀਜਨ ਕੰਸਟ੍ਰੇਟਰ ਨੂੰ ਜੀਐਸਟੀ ਤੋਂ ਛੋਟ ਦਿੱਤੇ ਜਾਣ ਦੀ ਮੰਗ ਨੂੰ ਇਕ ਤਰੀਕੇ ਨਾਲ ਖਾਰਜ ਕਰ ਦਿੱਤਾ ਸੀ।


ਵਿੱਤ ਮੰਤਰੀ ਨੇ ਕਿਹਾ ਸੀ ਇਸ ਤਰ੍ਹਾਂ ਦੀ ਛੋਟ ਦਿੱਤੇ ਜਾਣ ਨਾਲ ਮਰੀਜ਼ਾਂ ਲਈ ਜੀਵਨ ਰੱਖਿਅਕ ਸਮੱਗਰੀ ਮਹਿੰਗੀ ਹੋ ਜਾਵੇਗੀ। ਇਸ ਲਈ ਉਨ੍ਹਾਂ ਤਰਕ ਦਿੱਤਾ ਸੀ ਕਿ ਇਸ ਦੇ ਨਿਰਮਾਤਾਵਾਂ ਨੂੰ ਕੱਚੇ ਮਾਲ 'ਤੇ ਦਿੱਤੇ ਗਏ ਟੈਕਸ ਦਾ ਲਾਭ ਨਹੀਂ ਮਿਲ ਸਕੇਗਾ।