ਚੰਡੀਗੜ੍ਹ: ਪਿੰਡ ਹੋਣ ਜਾਂ ਸ਼ਹਿਰ ਪੰਜਾਬੀਆਂ ਦੇ ਘਰ ਮੰਝੇ ਤਾਂ ਹੁੰਦੇ ਹੀ ਨੇ, ਪਰ ਕੀ ਤੁਸੀਂ ਕਦੇ ਸੁਣਿਆ ਕਿ ਇੱਕ ਮੰਝੇ ਦੀ ਕੀਮਤ ਹਜ਼ਾਰ ਰੁਪਏ ਹੋਵੇ। ਨਿਊਜ਼ੀਲੈਂਡ ਦੀ ਇੱਕ ਵੈੱਬਸਾਈਟ ਭਾਰਤੀ ਮੰਜੇ ਵੇਚ ਰਹੀ ਹੈ ਤੇ ਇਕ ਮੰਜੇ ਦੀ ਕੀਮਤ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ।


ਇਹ ਵੈੱਬਸਾਈਟ ਇਕ ਮੰਜਾ 41,000 ਰੁਪਏ 'ਚ ਵੇਚ ਰਹੀ ਹੈ।ਵੈੱਬਸਾਈਟ ਇਸ ਨੂੰ 800 ਨਿਊਜ਼ੀਲੈਂਡ ਡਾਲਰ ਯਾਨੀ 41,211.85 ਰੁਪਏ 'ਚ ਵੇਚ ਰਹੀ ਹੈ, ਜਦਕਿ ਭਾਰਤ ਦੇ ਕਿਸੇ ਵੀ ਸਥਾਨਕ ਬਾਜ਼ਾਰ 'ਚ ਤੁਸੀਂ ਇਸ ਨੂੰ 1000 ਰੁਪਏ 'ਚ ਖਰੀਦ ਸਕਦੇ ਹੋ। 


ਇਥੋਂ ਤੱਕ ਕਿ ਐਮੇਜ਼ਾਨ ਇੰਡੀਆ 'ਤੇ ਇਹ ਮੰਜਾ 8000 ਰੁਪਏ ਤੋਂ ਸ਼ੁਰੂ ਹੁੰਦਾ ਹੈ ਅਤੇ 10,000 ਰੁਪਏ 'ਚ ਵਿਕਦਾ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਵਿਦੇਸ਼ੀ ਵੈੱਬਸਾਈਟਸ ਭਾਰਤੀ ਸੰਸਕ੍ਰਿਤੀ ਤੇ ਰਹਿਣ-ਸਹਿਣ ਨਾਲ ਜੁੜੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਵਿੰਟੇਜ ਦੇ ਨਾਂਅ 'ਤੇ ਵੇਚ ਕੇ ਚੰਗਾ ਪੈਸਾ ਕਮਾਉਂਦੀਆਂ ਰਹੀਆਂ ਹਨ।


ਤੁਹਾਨੂੰ ਦੱਸ ਦੇਈਏ ਕਿ ਸਾਲ 2019 'ਚ ਇੱਕ ਬ੍ਰਿਟਿਸ਼ ਬ੍ਰਾਂਡ ਨੂੰ ਵਿੰਟੇਜ ਅਤੇ ਬੋਹੋ ਦੇ ਕੱਪੜੇ ਵੇਚਣ ਲਈ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਇਹ ਪਹਿਰਾਵਾ ਭਾਰਤ 'ਚ ਪਹਿਨੀ ਜਾਣ ਵਾਲੀ ਇੱਕ ਆਮ ਕੁੜਤੀ ਜਾਂ ਕਮੀਜ਼ ਸੀ, ਜੋ ਇੰਨੀ ਮਹਿੰਗੀ ਨਹੀਂ ਹੁੰਦੀ। ਹੁਣ ਨਿਊਜ਼ੀਲੈਂਡ ਦਾ ਇੱਕ ਬ੍ਰਾਂਡ ਐਨਾਬੇਲਸ ਪਤਲੀਆਂ ਰੱਸੀਆਂ ਨਾਲ ਬੁਣਿਆ ਗਿਆ ਲੱਕੜ ਦਾ ਮੰਜਾ ਵਿੰਟੇਜ ਇੰਡੀਅਨ ਡੇਅ ਬੈੱਡ ਦੇ ਨਾਂ ਨਾਲ 41,000 ਰੁਪਏ 'ਚ ਵੇਚ ਰਿਹਾ ਹੈ।


ਇਸ 'ਚ ਹੋਰ ਕੁਝ ਵੀ ਖਾਸ ਨਵੀਂ ਗੱਲ ਨਹੀਂ ਹੈ, ਜਿਸ ਕਾਰਨ ਇਸ ਨੂੰ ਇੰਨੀ ਮਹਿੰਗੀ ਕੀਮਤ 'ਤੇ ਵੇਚਿਆ ਜਾ ਰਿਹਾ ਹੈ। ਹਾਲਾਂਕਿ ਭਾਰਤ 'ਚ ਇਸ ਦੀ ਕੀਮਤ ਬਹੁਤ ਘੱਟ ਹੈ ਪਰ ਇਸ ਨੂੰ ਨਿਊਜ਼ੀਲੈਂਡ 'ਚ 10 ਗੁਣਾ ਜ਼ਿਆਦਾ ਕੀਮਤ 'ਤੇ ਵੇਚਿਆ ਜਾ ਰਿਹਾ ਹੈ।