ਜਦੋਂ ਹੈਲਮੇਟ ਪਾ ਕੀਤੀ ਗੇਂਦਬਾਜ਼ੀ, ਬੱਲੇਬਾਜ਼ ਨਹੀਂ, ਸਗੋਂ ਇਹ ਸੀ ਡਰ!
ਏਬੀਪੀ ਸਾਂਝਾ | 24 Dec 2017 01:41 PM (IST)
ਨਵੀਂ ਦਿੱਲੀ: ਕ੍ਰਿਕਟ ਦੇ ਮੈਦਾਨ ਵਿੱਚ ਗੇਂਦਬਾਜ਼ਾਂ ਵੱਲੋਂ ਕਰਵਾਈਆਂ ਜਾਣ ਵਾਲੀਆਂ ਤੇਜ਼ ਗੇਂਦਾਂ ਦੇ ਡਰੋਂ ਬੱਲੇਬਾਜ਼ ਸਿਰ 'ਤੇ ਹੈਲਮੇਟ ਪਹਿਨ ਕੇ ਆਉਂਦੇ ਹਨ। ਇਨ੍ਹਾਂ ਤੋਂ ਇਲਾਵਾ ਵਿਕਟ ਕੀਪਰ ਤੇ ਪਿੱਚ ਦੇ ਨਜ਼ਦੀਕ ਵਾਲੇ ਫੀਲਡਰ ਆਪਣੇ ਬਚਾਅ ਲਈ ਹੈਲਮੇਟ ਪਹਿਨਦੇ ਆਮ ਹੀ ਵਿਖਾਈ ਦਿੰਦੇ ਹਨ ਪਰ ਕੀਤ ਤੁਸੀਂ ਕਦੇ ਸੁਣਿਆ ਹੈ ਕਿ ਗੇਂਦਬਾਜ਼ ਹੈਲਮੇਟ ਪਹਿਨ ਕੇ ਗੇਂਦਬਾਜ਼ੀ ਕਰ ਰਿਹਾ ਹੈ? ਜੀ ਹਾਂ, ਇਸ ਵਾਰ ਤੇਜ਼ ਗੇਂਦਬਾਜ਼ ਨੇ ਆਪਣੇ ਗੇਂਦਬਾਜ਼ੀ ਦੇ ਅੰਦਾਜ਼ (ਬੋਲਿੰਗ ਐਕਸ਼ਨ) ਕਾਰਨ ਹੈਲਮੇਟ ਪਹਿਨ ਕੇ ਗੇਂਦਬਾਜ਼ੀ ਕੀਤੀ। ਨਿਊਜ਼ੀਲੈਂਡ ਦੇ ਹੈਮਿਲਟਨ ਵਿੱਚ ਖੇਡੇ ਜਾ ਰਹੇ ਇੱਕ ਟੀ-20 ਮੈਚ ਵਿੱਚ ਤੇਜ਼ ਗੇਂਦਬਾਜ਼ ਵਾਰੇਨ ਬਰਨਸ ਨੇ ਗੇਂਦਬਾਜ਼ੀ ਸਮੇਂ ਹੈਲਮੇਟ ਪਹਿਨਿਆ ਸੀ। ਇਸ ਹੈਲਮੇਟ ਨੂੰ ਗੇਂਦਬਾਜ਼ ਤੇ ਵੋਲਜ਼ ਦੇ ਕੋਚ ਰੌਬ ਵੇਲਟਰ ਨੇ ਮਿਲ ਕੇ ਡਿਜ਼ਾਈਨ ਕੀਤਾ ਹੈ। ਕੋਚ ਨੇ ਦੱਸਿਆ ਕਿ ਜਦੋਂ ਬਰਨਸ ਗੇਂਦਬਾਜ਼ੀ ਕਰਦਾ ਹੈ ਤਾਂ ਗੇਂਦ ਸੁੱਟਦਿਆਂ ਉਸ ਦਾ ਸਿਰ ਇੰਨਾ ਝੁਕ ਜਾਂਦਾ ਹੈ ਕਿ ਉਸ ਨੂੰ ਬੱਲੇਬਾਜ਼ ਵੱਲੋਂ ਖੇਡੇ ਸ਼ੌਟ ਬਾਰੇ ਕੋਈ ਜਾਣਕਾਰੀ ਨਹੀਂ ਹੋ ਸਕਦੀ। ਇਸ ਲਈ ਜੇ ਬੱਲੇਬਾਜ਼ ਸਿੱਧਾ ਸ਼ੌਟ (ਸਟ੍ਰੇਟ ਡ੍ਰਾਈਵ) ਮਾਰਦਾ ਹੈ ਤਾਂ ਬਰਨਸ ਦੇ ਸਿਰ ਵਿੱਚ ਸੱਟ ਲੱਗਣ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਬਰਨਸ ਹੈਲਮੇਟ ਪਹਿਨ ਕੇ ਗੇਂਦਬਾਜ਼ੀ ਕਰਦਾ ਹੈ। ਉਹ ਇਸ ਟੂਰਨਾਮੈਂਟ ਵਿੱਚ ਪਹਿਲਾਂ ਵੀ ਹੈਲਮੇਟ ਪਹਿਨ ਕੇ ਗੇਂਦਬਾਜ਼ੀ ਕਰ ਚੁੱਕਾ ਹੈ। ਹੈਲਮੇਟ ਦੇ ਬਾਵਜੂਦ ਉਸ ਨੇ 33 ਦੌੜਾਂ ਦੇ ਕੇ 3 ਵਿਕਟਾਂ ਵੀ ਹਾਸਲ ਕੀਤੀਆਂ। ਵੇਖੋ ਵਾਰੇਨ ਬਰਨਸ ਦੀ ਹੈਲਮੇਟ ਨਾਲ ਗੇਂਦਬਾਜ਼ੀ ਕਰਦੇ ਦੀ ਵੀਡੀਓ- [embed]https://twitter.com/TheACCnz/status/944660704564350976[/embed]