ATM in Agra: ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਤੋਂ ਇੱਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਜਿੱਥੇ ਮਲਪੁਰਾ ਥਾਣਾ ਖੇਤਰ ਦੇ ਨਗਲਾ ਬੁੱਧਾ ਪਿੰਡ ਵਿੱਚ ਸਥਿਤ ਵਨ ਇੰਡੀਆ ਬੈਂਕ ਦੇ ਏਟੀਐਮ ਵਿੱਚ ਵੱਡੀ ਤਕਨੀਕੀ ਖ਼ਰਾਬੀ ਆ ਗਈ। ਏਟੀਐਮ 'ਚੋਂ ਜਦੋਂ ਲੋਕ 500 ਰੁਪਏ ਕੱਢ ਰਹੇ ਸਨ, ਤਾਂ ਉਨ੍ਹਾਂ ਨੂੰ 1100 ਰੁਪਏ ਮਿਲ ਰਹੇ ਸਨ। ਇਹ ਗੱਲ ਫੈਲਦੇ ਹੀ ਪਿੰਡ ਵਿੱਚ ਹਫੜਾ-ਦਫੜੀ ਮਚ ਗਈ ਅਤੇ ਲੋਕ ਲਾਈਨਾਂ ਲਗਾ ਕੇ ਏਟੀਐਮ 'ਤੇ ਪੈਸਾ ਕੱਢਣ ਪਹੁੰਚ ਗਏ।
ਲੋਕਾਂ ਨੂੰ ਇਹ ਮਾਮਲਾ ਕਿਵੇਂ ਪਤਾ ਲੱਗਿਆ?
ਮਿਲੀ ਜਾਣਕਾਰੀ ਮੁਤਾਬਕ, ਇਸ ਗਲਤੀ ਨੂੰ ਸਭ ਤੋਂ ਪਹਿਲਾਂ ਪਿੰਡ ਦੇ ਇੱਕ ਨੌਜਵਾਨ ਸੋਨੂ ਨੇ ਇਹ ਖਰਾਬੀ ਫੜੀ। ਜਦੋਂ ਉਸ ਨੇ ਏਟੀਐਮ 'ਚੋਂ 500 ਰੁਪਏ ਕੱਢੇ, ਤਾਂ ਮਸ਼ੀਨ ਨੇ ਉਸਨੂੰ 1100 ਰੁਪਏ ਦੇ ਦਿੱਤੇ, ਹਾਲਾਂਕਿ ਉਸਦੇ ਖਾਤੇ 'ਚੋਂ ਸਿਰਫ 500 ਰੁਪਏ ਹੀ ਕਟੇ। ਪਹਿਲਾਂ ਤਾਂ ਉਸਨੂੰ ਲੱਗਿਆ ਕਿ ਕੋਈ ਗੜਬੜ ਹੋਈ ਹੈ, ਪਰ ਜਦੋਂ ਉਸਨੇ ਦੁਬਾਰਾ ਟਰਾਂਜੈਕਸ਼ਨ ਕੀਤਾ, ਤਾਂ ਫੇਰ ਵੀ 500 ਦੀ ਥਾਂ 1100 ਰੁਪਏ ਹੱਥ ਵਿੱਚ ਆਏ।
ਜਦੋਂ ਸੋਨੂ ਨੇ ਇਹ ਗੱਲ ਪਿੰਡ ਵਾਸੀਆਂ ਨੂੰ ਦੱਸੀ, ਤਾਂ ਖ਼ਬਰ ਅੱਗ ਵਾਂਗ ਫੈਲ ਗਈ। ਥੋੜ੍ਹੀ ਹੀ ਦੇਰ ਵਿੱਚ ਦਰਜਨਾਂ ਲੋਕ ਏਟੀਐਮ 'ਤੇ ਪਹੁੰਚ ਗਏ ਅਤੇ ਹਰ ਕੋਈ ਪੈਸੇ ਕੱਢਣ ਲੱਗ ਪਿਆ।
ਪਿੰਡ ਵਾਸੀਆਂ ਨੇ ਭਰਪੂਰ ਲਾਭ ਚੁੱਕਿਆ
ਦੱਸਿਆ ਜਾ ਰਿਹਾ ਹੈ ਕਿ ਲਗਭਗ 50 ਤੋਂ 60 ਪਿੰਡ ਵਾਸੀਆਂ ਨੇ ਇਸ ਤਕਨੀਕੀ ਖ਼ਰਾਬੀ ਦਾ ਪੂਰਾ ਫਾਇਦਾ ਚੁੱਕਿਆ। ਸਾਰੇ ਲੋਕਾਂ ਨੇ 500 ਰੁਪਏ ਕੱਢਣ 'ਤੇ 1100 ਰੁਪਏ ਪ੍ਰਾਪਤ ਕੀਤੇ।ਪਰ ਜਦੋਂ ਕਿਸੇ ਨੇ ਵੱਧ ਰਕਮ ਜਿਵੇਂ ਕਿ 1000 ਜਾਂ 2000 ਰੁਪਏ ਕੱਢਣ ਦੀ ਕੋਸ਼ਿਸ਼ ਕੀਤੀ, ਤਾਂ ਮਸ਼ੀਨ ਨੇ ਵਾਧੂ ਪੈਸੇ ਨਹੀਂ ਦਿੱਤੇ। ਇਸ ਦਾ ਮਤਲਬ ਹੈ ਕਿ ਗੜਬੜ ਸਿਰਫ਼ 500 ਰੁਪਏ ਵਾਲੇ ਟਰਾਂਜੈਕਸ਼ਨ 'ਤੇ ਹੀ ਹੋ ਰਹੀ ਸੀ।
ਪੁਲਿਸ ਪਹੁੰਚੀ, ਏਟੀਐਮ ਕਰਵਾਇਆ ਬੰਦ
ਜਦੋਂ ਕਿਸੇ ਨੇ ਇਹ ਗੜਬੜੀ ਪੁਲਿਸ ਨੂੰ ਦੱਸੀ, ਤਾਂ ਮਲਪੁਰਾ ਥਾਣੇ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਖੁਦ ਜਾਂਚ ਲਈ ਇੱਕ ਨੌਜਵਾਨ ਰਾਹੀਂ ਟਰਾਂਜੈਕਸ਼ਨ ਕਰਵਾਇਆ ਅਤੇ ਗੜਬੜ ਦੀ ਪੁਸ਼ਟੀ ਹੋ ਗਈ। ਇਸ ਤੋਂ ਬਾਅਦ ਪੁਲਿਸ ਨੇ ਏਟੀਐਮ ਦਾ ਸ਼ਟਰ ਬੰਦ ਕਰਵਾਇਆ ਅਤੇ ਮਸ਼ੀਨ ਨੂੰ ਤੁਰੰਤ ਬੰਦ ਕਰ ਦਿੱਤਾ।
ਬੈਂਕ ਵੱਲੋਂ ਹਾਲੇ ਤੱਕ ਨਹੀਂ ਆਈ ਕੋਈ ਸਫਾਈ
ਇਸ ਪੂਰੇ ਮਾਮਲੇ 'ਚ ਹਾਲੇ ਤੱਕ ਬੈਂਕ ਦੀ ਤਰਫੋਂ ਕੋਈ ਵੀ ਅਧਿਕਾਰਕ ਬਿਆਨ ਸਾਹਮਣੇ ਨਹੀਂ ਆਇਆ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਘਟਨਾ ਮਸ਼ੀਨ ਵਿੱਚ ਆਈ ਤਕਨੀਕੀ ਖ਼ਰਾਬੀ ਕਾਰਨ ਹੋਈ ਹੈ। ਹੁਣ ਬੈਂਕ ਇਹ ਜਾਂਚ ਕਰ ਰਿਹਾ ਹੈ ਕਿ ਪਿੰਡ ਵਾਸੀਆਂ ਵੱਲੋਂ ਕੁੱਲ ਕਿੰਨਾ ਵਾਧੂ ਪੈਸਾ ਕੱਢ ਲਿਆ ਗਿਆ ਹੈ।