ਭੁਪਾਲ: ਉਲਟੀ ਕਰਨ ਲਈ ਬੱਸ ਵਿੱਚੋਂ ਸਿਰ ਬਾਹਰ ਕੱਢਣ ਵਾਲੀ 56 ਸਾਲਾ ਔਰਤ ਨਾਲ ਦਰਦਨਾਕ ਹਾਦਸਾ ਵਾਪਰਿਆ ਤੇ ਉਸ ਦੀ ਮੌਤ ਹੋ ਗਈ। ਇਹ ਹਾਦਸਾ ਮੱਧ ਪ੍ਰਦੇਸ਼ ਵਿੱਚ ਵਾਪਰਿਆ। ਮ੍ਰਿਤਕਾ ਦੀ ਪਛਾਣ ਆਸ਼ਾ ਰਾਣੀ ਵਜੋਂ ਹੋਈ ਹੈ। ਪੁਲਿਸ ਮੁਤਾਬਕ ਸਤਨਾ ਜ਼ਿਲ੍ਹੇ ਤੋਂ ਪੰਨਾ ਜ਼ਿਲ੍ਹੇ ਜਾ ਰਹੀ ਆਸ਼ਾ ਰਾਣੀ ਨੂੰ ਡਾਇਮੰਡ ਕ੍ਰਾਸਿੰਗ ਨੇੜੇ ਉਲਟੀ ਆਈ। ਉਸ ਨੇ ਆਪਣਾ ਸਿਰ ਬਾਹਰ ਹੀ ਕੱਢਿਆ ਸੀ ਕਿ ਤੇਜ਼ ਰਫ਼ਤਾਰ ਬੱਸ ਬਿਜਲੀ ਦੇ ਖੰਭੇ ਦੇ ਇੰਨੀ ਨੇੜਿਓਂ ਗੁਜ਼ਰੀ ਕਿ ਆਸ਼ਾ ਰਾਣੀ ਦਾ ਸਿਰ ਹੀ ਧੜ ਤੋਂ ਵੱਖ ਹੋ ਗਿਆ ਅਤੇ ਸੜਕ 'ਤੇ ਡਿੱਗ ਦੂਰ ਤਕ ਰੁੜ੍ਹਦਾ ਗਿਆ। ਪੁਲਿਸ ਨੇ ਬੱਸ ਦੇ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਛਾਣਬੀਣ ਕੀਤੀ ਜਾ ਰਹੀ ਹੈ। ਮ੍ਰਿਤਕਾ ਦੀ ਲਾਸ਼ ਪੋਸਟ-ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ।