18 ਸਾਲਾ ਪਾਇਲਟ ਨੇ ਬਣਾਇਆ ਵਰਲਡ ਰਿਕਾਰਡ, ਕਾਰਨਾਮਾ ਜਾਣ ਕੇ ਉੱਡ ਜਾਣਗੇ ਹੋਸ਼
ਮੈਲਬੌਰਨ: ਆਸਟ੍ਰੇਲੀਆਈ ਪਾਇਲਟ ਲੈਚਲਨ ਸਮਾਰਟ ਨੇ ਸਭ ਤੋਂ ਘੱਟ ਉਮਰ 'ਚ ਜਹਾਜ਼ ਨਾਲ ਦੁਨੀਆ ਦਾ ਚੱਕਰ ਲਗਾਉਣ ਦਾ ਕਾਰਨਾਮਾ ਕਰ ਵਿਖਾਇਆ ਹੈ। 18 ਸਾਲ ਦੇ ਸਮਾਰਟ ਨੂੰ ਇਸ ਪ੍ਰਾਪਤੀ ਲਈ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਜਗ੍ਹਾ ਮਿਲੀ ਹੈ।
ਆਪਣੀ ਉਪਲਬਧੀ 'ਤੇ ਸਮਾਰਟ ਨੇ ਕਿਹਾ ਕਿ ਮੇਰੀ ਮੁਹਿੰਮ ਨੌਜਵਾਨਾਂ ਨੂੰ ਵੱਡੇ ਸੁਪਨੇ ਵੇਖਣ ਲਈ ਪ੍ਰੇਰਿਤ ਕਰਨਾ ਸੀ ਤੇ ਉਨ੍ਹਾਂ ਨੂੰ ਭਰੋਸਾ ਦਿਵਾਉਣਾ ਸੀ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰੋ ਤੇ ਆਪਣੀ ਸਮਰੱਥਾ ਦਾ ਭਰਪੂਰ ਇਸਤੇਮਾਲ ਕਰੋ। ਇਸ ਤੋਂ ਪਹਿਲਾਂ ਇਹ ਰਿਕਾਰਡ ਅਮਰੀਕਾ ਦੇ ਮੈਥਿਊ ਗੁਥਮਿਲਰ ਦੇ ਨਾਂ ਸੀ।
ਆਪਣੀ 45 ਹਜ਼ਾਰ ਕਿਲੋਮੀਟਰ ਦੀ ਹਵਾਈ ਯਾਤਰਾ ਦੌਰਾਨ ਸਮਾਰਟ 15 ਦੇਸ਼ਾਂ ਦੇ 24 ਥਾਵਾਂ 'ਤੇ ਰੁਕੇ। ਗਹਿਰੀ ਜਾਂਚ ਤੋਂ ਬਾਅਦ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਨੇ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ।
ਮੈਥਿਊ ਨੇ 2015 'ਚ ਜਦੋਂ ਇਹ ਉਪਲਬਧੀ ਹਾਸਿਲ ਕੀਤੀ ਸੀ, ਉਨ੍ਹਾਂ ਦੀ ਉਮਰ 19 ਸਾਲ ਸੱਤ ਮਹੀਨੇ 15 ਦਿਨ ਸੀ।
ਸਮਾਰਟ ਨੇ ਪਿਛਲੇ ਸਾਲ 4 ਜੁਲਾਈ ਨੂੰ ਆਸਟ੍ਰੇਲੀਆਈ ਤੋਂ ਸਾਈਰਸ ਐੱਸਆਰ22 ਜਹਾਜ਼ ਨਾਲ ਉਡਾਣ ਭਰੀ ਸੀ। ਉਨ੍ਹਾਂ ਦੀ ਇਹ ਯਾਤਰਾ 27 ਅਗਸਤ ਨੂੰ ਕਵੀਂਸਲੈਂਡ ਦੇ ਸਨਸ਼ਾਈਨ ਕੋਸਟ ਹਵਾਈ ਅੱਡੇ 'ਤੇ ਉਤਰਣ ਨਾਲ ਖ਼ਤਮ ਹੋਈ। ਇਸ ਉਪਲਬਧੀ ਦੇ ਦਿਨ ਉਨ੍ਹਾਂ ਦੀ ਉਮਰ 18 ਸਾਲ 234 ਦਿਨ ਸੀ।