ਮੁਕਤਸਰ: ਮਾਘੀ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਵਿੱਚ ਤੇਜ਼ ਬਾਰਸ਼ ਹੋ ਰਹੀ ਹੈ। ਤਿੰਨ ਦਿਨਾਂ ਤੋਂ ਧੁੱਪ ਨਿਕਲਣ ਮਗਰੋਂ ਅੱਜ ਇੱਕ ਵਾਰ ਫਿਰ ਮੌਸਮ ਨੇ ਕਰਵਟ ਲਈ ਹੈ। ਅੱਜ ਪੰਜਾਬ ਦੇ ਕਈ ਇਲਾਕਿਆਂ ‘ਚ ਬਾਰਸ਼ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ।

ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਤੇ ਗੁਰੂਹਰਸਹਾਏ ‘ਚ ਬਾਰਸ਼ ਹੋ ਰਹੀ ਹੈ ਤੇ ਕੁਝ ਇਲਾਕਿਆਂ ‘ਚ ਅੱਜ ਸਵੇਰ ਤੋਂ ਆਸਮਾਨ ‘ਚ ਬੱਦਲ ਛਾਏ ਹੋਏ ਹਨ। ਦੱਸ ਦੇਈਏ ਕਿ ਸ੍ਰੀ ਮੁਕਤਸਰ ਸਾਹਿਬ ‘ਚ ਕੱਲ੍ਹ ਤੋਂ ਮਾਘੀ ਦਾ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ ਤੇ ਅੱਜ ਤੇਜ਼ ਬਾਰਸ਼ ਤੇ ਹਵਾਵਾਂ ਨਾਲ ਮੌਸਮ ਖਰਾਬ ਹੋ ਗਿਆ ਹੈ।

ਇਸ ਦੇ ਨਾਲ ਹੀ ਜਿੱਥੇ ਪੂਰੇ ਦੇਸ਼ 'ਚ ਲੋਹੜੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਲੋਕਾਂ 'ਚ ਇਸ ਤਿਓਹਾਰ ਨੂੰ ਲੈ ਕੇ ਕਾਫੀ ਉਤਸੁਕਤਾ ਹੈ ਕਿਉਂਕਿ ਇਸ ਦਿਨ ਲੋਕ ਖੂਬ ਪਤੰਗਬਾਜ਼ੀ ਕਰਦੇ ਹਨ ਪਰ ਬਾਰਸ਼ ਨੇ ਇਸ ਵਾਰ ਸਭ ਨੂੰ ਝਟਕਾ ਦਿੱਤਾ ਹੈ।

ਸਵੇਰ ਤੋਂ ਹੋ ਰਹੀ ਬਾਰਸ਼ ਨੇ ਲੋਕਾਂ ਦੇ ਅਰਮਾਨਾਂ 'ਤੇ ਪਾਣੀ ਫੇਰ ਦਿੱਤਾ। ਉਧਰ ਇਸ ਦਾ ਖਾਮਿਆਜ਼ਾ ਦੁਕਾਨਦਾਰਾਂ ਨੂੰ ਵੀ ਭਰਨਾ ਪਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਵੇਰ ਤੋਂ ਹੋ ਰਹੀ ਬਾਰਸ਼ ਕਰਕੇ ਕੋਈ ਪਤੰਗ ਖਰੀਦਣ ਨਹੀਂ ਆਇਆ। ਹੁਣ ਤਕ ਦੁਕਾਨਦਾਰਾਂ ਦਾ 20% ਸਟੌਕ ਵੀ ਨਹੀਂ ਵਿੱਕਿਆ।

ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਬੱਦਲ ਛਾਏ ਰਹਿਣਗੇ ਤੇ ਨਾਲ ਹੀ ਧੁੱਪ ਵੀ ਨਿਕਲ ਸਕਦੀ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 16 ਤੇ ਹੇਠਲਾ ਤਾਪਮਾਨ 8 ਡਿਗਰੀ ਰਹਿ ਸਕਦਾ ਹੈ। ਐਤਵਾਰ ਨੂੰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 18.7 ਡਿਗਰੀ ਦਰਜ ਕੀਤਾ ਗਿਆ ਸੀ, ਜੋ ਆਮ ਤੋਂ ਦੋ ਡਿਗਰੀ ਘੱਟ ਰਿਹਾ। ਉੱਥੇ ਹੀ ਘੱਟੋ ਘੱਟ ਤਾਪਮਾਨ 9.7 ਡਿਗਰੀ ਦਰਜ ਕੀਤਾ ਗਿਆ।