ਚੰਡੀਗੜ੍ਹ: ਟਾਟਾ ਮੋਟਰਜ਼ (Tata Motors) ਨੇ ਕੌਫ਼ੀ ਦੇ ਇੱਕ ਟੁੱਟੇ ਹੋਏ ਕੱਪ (Presso ) ਦੀ ਤਸਵੀਰ ਸ਼ੇਅਰ ਕੀਤੀ ਹੈ; ਦਰਅਸਲ ਇਸ ਰਾਹੀਂ ਅਸਿੱਧੇ ਤਰੀਕੇ ਨਾਲ ਮਾਰੂਤੀ S-Presso ਕਾਰ ਨੂੰ ਨਿਸ਼ਾਨੇ ’ਤੇ ਲਿਆ ਗਿਆ ਹੈ, ਜਿਸ ਦੀ ਸੁਰੱਖਿਆ ਦੇ ਮਾਮਲੇ ’ਚ ਰੇਟਿੰਗ ਬਹੁਤ ਮਾੜੀ ਰਹੀ ਹੈ। ਕਾਰ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਮਾਰੂਤੀ ਸੁਜ਼ੂਕੀ ਇਸ ਵੇਲੇ ਮੁੜ ਸੁਰਖ਼ੀਆਂ ’ਚ ਹੈ।


ਦਰਅਸਲ, ਕਾਰਾਂ ਦਾ ਮੁਲੰਕਣ ਕਰਨ ਵਾਲੇ ਇੱਕ ਕੌਮਾਂਤਰੀ ਪ੍ਰੋਗਰਾਮ NCAP ਨੇ ਵੱਖੋ-ਵੱਖਰੀਆਂ ਕਾਰਾਂ ਦੀ ਰੇਟਿੰਗ ਰਿਪੋਰਟ ਜਾਰੀ ਕੀਤੀ ਹੈ; ਜਿਸ ਵਿੱਚ ਮਾਰੂਤੀ ਵੱਲੋਂ ਪਿਛਲੇ ਸਾਲ ਲਾਂਚ ਕੀਤੀ ਗਈ S-Presso ਕਾਰ ਦੀ ਸੁਰੱਖਿਆ ਦੀ ਜਾਂਚ ਕਰਨ ਲਈ ਉਸ ਦਾ ਕ੍ਰੈਸ਼ ਟੈਸਟ ਕੀਤਾ ਗਿਆ। ਉਸ ਟੈਸਟ ’ਚੋਂ ਇਹ ਕਾਰ ਬੁਰੀ ਤਰ੍ਹਾਂ ਫ਼ੇਲ੍ਹ ਰਹੀ।

ਮਾਰੂਤੀ ਕੰਪਨੀ ਨੇ ਇਸ ਛੋਟਾ ਕਾਰ ਨੂੰ ਮਿੰਨੀ SUV ਵੀ ਆਖਿਆ ਸੀ ਤੇ ਇਸ ਦੀ ਚੋਖੀ ਵਿਕਰੀ ਵੀ ਹੋਈ ਪਰ ਹੁਣ ਟਾਟਾ ਮੋਟਰਜ਼ ਨੇ ਮਾਰੂਤੀ ਦੀ ਇਸ ਐਸਪ੍ਰੈਸੋ ਕਾਰ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਆਪਣੇ ਫ਼ੇਸਬੁੱਕ, ਟਵਿਟਰ ਤੇ ਸੋਸ਼ਲ ਮੀਡੀਆ ਦੇ ਹੋਰ ਪੰਨਿਆਂ ਉੱਤੇ ਕੌਫ਼ੀ ਦੇ ਟੁੱਟੇ ਹੋਏ ਕੱਪ ਦੀ ਤਸਵੀਰ ਸ਼ੇਅਰ ਕਰ ਕੇ ਸਭ ਕੁਝ ਸਪੱਸ਼ਟ ਬਿਆਨ ਕਰ ਦਿੱਤਾ ਹੈ।


ਸ਼ੇਅਰ ਕੀਤੀ ਤਸਵੀਰ ਦੀ ਕੈਪਸ਼ਨ ’ਚ ਟਾਟਾ ਮੋਟਰਜ਼ ਨੇ ਲਿਖਿਆ ਹੈ ‘ਅਸੀਂ ਇੰਨੀ ਆਸਾਨੀ ਨਾਲ ਨਹੀਂ ਟੁੱਟਦੇ’ (ਵੀ ਡੋਂਟ ਬ੍ਰੇਕ ਦੈਟ ਈਜ਼ੀ) ਭਾਵ ਸ਼ਰੀਕ ਕੰਪਨੀਆਂ ਦੇ ਮੁਕਾਬਲੇ ਸਾਡੀਆਂ ਕਾਰਾਂ ਬਹੁਤ ਮਜ਼ਬੂਤ ਹਨ। ਟਾਟਾ ਮੋਟਰਜ਼ ਦੀ ਇਹ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Car loan Information:

Calculate Car Loan EMI