Oracle Layoffs: ਪਿਛਲੇ ਕੁੱਝ ਸਾਲਾਂ ਦੇ ਵਿੱਚ ਲਗਭਗ ਹਰ ਕੰਪਨੀਆਂ ਦੇ ਵਿੱਚ ਸਮੇਂ-ਸਮੇਂ ਉੱਤੇ ਛਾਂਟੀ ਕਰਕੇ ਮੁਲਾਜ਼ਮਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਗੱਲ ਕਰਦੇ ਹਾਂ  ਓਰੇਕਲ ਦੀ ਜਿਸ ਨੇ ਹਾਲ ਹੀ 'ਚ ਦੁਨੀਆ ਭਰ ਵਿੱਚ ਲਗਭਗ 3000 ਕਰਮਚਾਰੀਆਂ ਨੂੰ ਬਾਹਰ ਦਾ ਰਾਹ ਦਿਖਾਇਆ ਸੀ। ਇਸਦੀ ਵੱਡੀ ਵਜ੍ਹਾ ਆਰਟੀਫ਼ੀਸ਼ਲ ਇੰਟੈਲੀਜੈਂਸ (AI) 'ਤੇ ਨਿਰਭਰਤਾ ਵਧਾਉਣਾ, ਕੰਪਨੀ ਦੀ ਸਮਰੱਥਾ ਮਜ਼ਬੂਤ ਕਰਨਾ ਅਤੇ ਸੰਗਠਨ ਦਾ ਪੁਨਰਗਠਨ ਦੱਸਿਆ ਜਾ ਰਿਹਾ ਹੈ। ਕੰਪਨੀ ਦੇ ਭਾਰਤ ਵਿੱਚ ਲਗਭਗ 30,000 ਕਰਮਚਾਰੀ ਹਨ। ਵਿੱਤੀ ਸਾਲ 2024 ਵਿੱਚ ਇਸਦੀ ਆਮਦਨ ਵਿੱਚ 20 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ ਅਤੇ ਇਹ 20,459 ਕਰੋੜ ਰੁਪਏ ਤੱਕ ਪਹੁੰਚ ਗਈ ਸੀ।

ਹੁਣ ਭਾਰਤ ਚ ਵੀ ਛਾਂਟੀ ਸ਼ੁਰੂ

ਪਰ ਹੁਣ Oracle ਨੇ ਭਾਰਤ ਵਿੱਚ ਵੀ ਆਪਣੇ ਸਟਾਫ ਦੀ ਛਾਂਟੀ ਸ਼ੁਰੂ ਕਰ ਦਿੱਤੀ ਹੈ। ਗਲੋਬਲ ਰੀਸਟਰਕਚਰਿੰਗ ਦੇ ਤਹਿਤ ਪਿਛਲੇ ਹਫ਼ਤੇ 100 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਛੱਡਣ ਲਈ ਕਿਹਾ ਗਿਆ ਹੈ। ਇਕਨਾਮਿਕ ਟਾਈਮਜ਼ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਕਲਾਉਡ ਸਮੇਤ ਹੋਰ ਟੀਮਾਂ ਵਿੱਚੋਂ ਕਰਮਚਾਰੀਆਂ ਨੂੰ ਕੱਢਿਆ ਜਾ ਰਿਹਾ ਹੈ। ਇਹ ਗਿਣਤੀ ਸੈਂਕੜਿਆਂ ਤੱਕ ਪਹੁੰਚ ਸਕਦੀ ਹੈ।

ਕਿਉਂ ਹੋ ਰਹੀ ਹੈ ਛਾਂਟੀ ?

ਨਿਕਾਲੇ ਗਏ ਕਰਮਚਾਰੀਆਂ ਨੂੰ ਭੇਜੇ ਗਏ ਲੇਟਰ ਵਿੱਚ ਕੰਪਨੀ ਨੇ ਲਿਖਿਆ ਹੈ ਕਿ ਇਹ ਕਦਮ ਸੰਗਠਨਾਤਮਕ ਬਦਲਾਅ ਦਾ ਹਿੱਸਾ ਹੈ। ਲੇਟਰ ਵਿੱਚ ਅੱਗੇ ਕਿਹਾ ਗਿਆ ਕਿ ਓਪਰੇਸ਼ਨ ਨੂੰ ਸਧਾਰਨ ਕਰਨ ਅਤੇ ਬਦਲਾਵਾਂ ਦੇ ਅਨੁਸਾਰ ਆਪਣੇ ਆਪ ਨੂੰ ਢਾਲਣ ਲਈ ਇਹ ਫੈਸਲਾ ਲਿਆ ਗਿਆ ਹੈ। ਇਸ ਲਈ ਤੁਸੀਂ ਜਿਸ ਪੋਜ਼ੀਸ਼ਨ 'ਤੇ ਹੋ, ਉਹ ਹੁਣ ਕੰਪਨੀ ਲਈ ਜ਼ਰੂਰੀ ਨਹੀਂ ਰਹੀ।

ਸੇਵਰਨਸ ਅਤੇ ਕਰਮਚਾਰੀਆਂ ਦੀ ਪ੍ਰਤੀਕ੍ਰਿਆ

ਓਰੇਕਲ ਨੇ ਛਾਂਟੀ ਦੇ ਸ਼ਿਕਾਰ ਹੋਏ ਕਰਮਚਾਰੀਆਂ ਨੂੰ ਸੇਵਰੈਂਸ ਲਾਭ ਵਜੋਂ ਹਰ ਪੂਰੇ ਸੇਵਾ ਸਾਲ ਲਈ 15 ਦਿਨਾਂ ਦੀ ਤਨਖਾਹ ਅਤੇ ਇੱਕ ਸਾਲ ਤੱਕ ਦਾ ਮੈਡੀਕਲ ਬੀਮਾ ਕਵਰ ਦੇਣ ਦਾ ਵਾਅਦਾ ਕੀਤਾ ਹੈ। ਇਸ ਛਾਂਟੀ ਨੇ 15 ਤੋਂ 20 ਸਾਲ ਤੱਕ ਕੰਪਨੀ ਵਿੱਚ ਸੇਵਾਵਾਂ ਦੇਣ ਵਾਲੇ ਸੀਨੀਅਰ ਕਰਮਚਾਰੀਆਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਕੁਝ ਕਰਮਚਾਰੀਆਂ ਨੇ ਗਾਰਡਨ ਲੀਵ ਦੇ ਨਾਲ ਸੁਖਦ ਵਿਦਾਇਗੀ ਦਾ ਜ਼ਿਕਰ ਕੀਤਾ, ਜਦਕਿ ਕਈ ਹੋਰਾਂ ਨੇ ਇਸ ਪ੍ਰਕਿਰਿਆ ਨੂੰ ਅਚਾਨਕ ਅਤੇ ਹੈਰਾਨਕੁਨ ਦੱਸਿਆ। ਰਿਪੋਰਟਾਂ ਮੁਤਾਬਕ, ਛਾਂਟੀ ਦੇ ਸ਼ਿਕਾਰ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਹ ਫੈਸਲਾ ਤਕਨੀਕੀ ਤਬਦੀਲੀਆਂ, ਖਾਸਕਰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੇ ਵਧਦੇ ਇਸਤੇਮਾਲ ਅਤੇ ਲਾਗਤ ਘਟਾਉਣ ਦੀ ਰਣਨੀਤੀ ਦੇ ਕਾਰਨ ਲਿਆ ਗਿਆ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਇਸ ਛਾਂਟੀ ਵਿੱਚ ਕਾਰਗੁਜ਼ਾਰੀ ਕੋਈ ਮੁੱਦਾ ਨਹੀਂ ਸੀ।