Airtel Hikes Mobile Tariff: ਭਾਰਤੀ ਏਅਰਟੈੱਲ ਨੇ ਮੋਬਾਈਲ ਟੈਰਿਫ ਵਧਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਨੇ 99 ਰੁਪਏ ਦੇ 28 ਦਿਨਾਂ ਦੇ ਰੀਚਾਰਜ ਪਲਾਨ ਨੂੰ 57 ਫੀਸਦੀ ਮਹਿੰਗਾ ਕਰ ਦਿੱਤਾ ਹੈ। ਹੁਣ 28 ਦਿਨਾਂ ਦੇ ਟੈਰਿਫ ਪਲਾਨ ਲਈ 99 ਰੁਪਏ ਦੀ ਬਜਾਏ 155 ਰੁਪਏ ਦੇਣੇ ਹੋਣਗੇ। ਫਿਲਹਾਲ ਕੰਪਨੀ ਨੇ ਇਸ ਰੀਚਾਰਜ ਪਲਾਨ ਨੂੰ ਹਰਿਆਣਾ ਅਤੇ ਉੜੀਸਾ 'ਚ ਰੋਲਆਊਟ ਕਰ ਦਿੱਤਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ 'ਚ ਇਸ ਨੂੰ ਪੂਰੇ ਦੇਸ਼ 'ਚ ਰੋਲਆਊਟ ਕੀਤਾ ਜਾ ਸਕਦਾ ਹੈ।


ਏਅਰਟੈੱਲ ਨੇ 28 ਦਿਨਾਂ ਦੀ ਵੈਧਤਾ ਮਿਆਦ ਦੇ ਨਾਲ 99 ਰੁਪਏ ਦੇ ਘੱਟੋ-ਘੱਟ ਰੀਚਾਰਜ ਪਲਾਨ ਨੂੰ ਬੰਦ ਕਰ ਦਿੱਤਾ ਹੈ। ਇਸ ਪਲਾਨ ਦੇ ਤਹਿਤ ਗਾਹਕ ਤੋਂ 200 ਮੈਗਾਬਾਈਟ ਡੇਟਾ ਦੇ ਨਾਲ 2.5 ਪੈਸੇ ਪ੍ਰਤੀ ਸੈਕਿੰਡ ਦੀ ਕਾਲ ਦਰ ਲਈ ਜਾ ਰਹੀ ਸੀ। ਹੁਣ ਏਅਰਟੈੱਲ ਇਸ ਪਲਾਨ ਨੂੰ 155 ਰੁਪਏ ਵਿੱਚ ਅਨਲਿਮਟਿਡ ਕਾਲਿੰਗ ਅਤੇ 1 GB ਡੇਟਾ ਦੇ ਨਾਲ 300 SMS ਦੇ ਰਿਹਾ ਹੈ। ਇਹ ਪਲਾਨ ਸਿਰਫ਼ 2ਜੀ ਗਾਹਕਾਂ ਨੂੰ ਹੀ ਦਿੱਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ 155 ਰੁਪਏ ਤੋਂ ਘੱਟ ਦੇ ਸਾਰੇ ਪਲਾਨ ਬੰਦ ਕਰ ਸਕਦੀ ਹੈ। SMS ਦੀ ਸਹੂਲਤ ਲੈਣ ਲਈ ਗਾਹਕਾਂ ਨੂੰ ਹੁਣ 155 ਰੁਪਏ ਦਾ ਪਲਾਨ ਲੈਣਾ ਹੋਵੇਗਾ।


ICICI ਸਕਿਓਰਿਟੀਜ਼ ਨੇ ਆਪਣੇ ਬ੍ਰੋਕਰੇਜ ਨੋਟ ਵਿੱਚ ਕਿਹਾ ਹੈ ਕਿ ਭਾਰਤੀ ਏਅਰਟੈੱਲ ਨੇ ਹਰਿਆਣਾ ਅਤੇ ਓਡੀਸ਼ਾ ਸਰਕਲਾਂ ਵਿੱਚ ਮਾਰਕੀਟ ਟੈਸਟਿੰਗ ਟੈਰਿਫ ਪਲਾਨ ਲਾਂਚ ਕੀਤਾ ਹੈ। ਬ੍ਰੋਕਰੇਜ ਰਿਪੋਰਟ ਮੁਤਾਬਕ ਕੰਪਨੀ ਲੋਕਾਂ ਦਾ ਰਿਸਪਾਂਸ ਦੇਖਣਾ ਚਾਹੁੰਦੀ ਹੈ। ਇਸ ਟੈਰਿਫ ਵਾਧੇ ਦਾ 4ਜੀ ਗਾਹਕਾਂ 'ਤੇ ਕੋਈ ਅਸਰ ਨਹੀਂ ਪਵੇਗਾ। ਇਸ ਤੋਂ ਪਹਿਲਾਂ ਵੀ, ਭਾਰਤੀ ਏਅਰਟੈੱਲ ਨੇ 2021 ਵਿੱਚ ਚੋਣਵੇਂ ਸਰਕਲਾਂ ਵਿੱਚ ਘੱਟੋ-ਘੱਟ ਰੀਚਾਰਜ ਪਲਾਨ ਨੂੰ 79 ਰੁਪਏ ਤੋਂ ਵਧਾ ਕੇ 99 ਰੁਪਏ ਕਰ ਕੇ ਪਹਿਲਾ ਕਦਮ ਚੁੱਕਿਆ ਸੀ।


ਭਾਰਤੀ ਏਅਰਟੈੱਲ ਦੇ ਇਸ ਕਦਮ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਹੋਰ ਟੈਲੀਕਾਮ ਕੰਪਨੀਆਂ ਵੀ ਅਜਿਹਾ ਫੈਸਲਾ ਲੈ ਸਕਦੀਆਂ ਹਨ। ਰਿਪੋਰਟ 'ਚ ਕਿਹਾ ਗਿਆ ਹੈ ਕਿ ਭਾਰਤੀ ਨੇ ਮੌਜੂਦਾ ਮਾਹੌਲ ਦੇ ਵਿਚਕਾਰ ਪਹਿਲਾਂ ਟੈਰਿਫ ਵਧਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਇਸ ਗੱਲ ਦਾ ਇੰਤਜ਼ਾਰ ਕਰੇਗੀ ਕਿ ਹੋਰ ਲੋਕ ਇਸ 'ਤੇ ਕੀ ਪ੍ਰਤੀਕਿਰਿਆ ਦਿੰਦੇ ਹਨ। ਜੇਕਰ ਇਸ ਨੂੰ ਸਮਰਥਨ ਨਹੀਂ ਮਿਲਦਾ ਤਾਂ ਪੁਰਾਣੀ ਟੈਰਿਫ ਯੋਜਨਾ ਨੂੰ ਬਹਾਲ ਕਰਨਾ ਪੈ ਸਕਦਾ ਹੈ।