Ludhiana News: ਲੁਧਿਆਣਾ 'ਚ ਰੇਤ ਦੇ ਰੇਟ ਫਿਰ ਅਸਮਾਨੀ ਚੜ੍ਹ ਗਏ ਹਨ। ਇਸ ਵੇਲੇ 2800 ਤੋਂ 3000 ਤੱਕ ਮਿਲਣ ਵਾਲੀ ਰੇਤ ਦੀ ਟਰਾਲੀ ਦਾ ਰੇਟ ਫਿਰ 4000 ਰੁਪਏ ਤੱਕ ਹੋ ਗਿਆ ਹੈ। ਰੇਤ ਵਿਕਰੇਤਾ ਦਾ ਕਹਿਣਾ ਹੈ ਕਿ ਉਹ ਹਿਮਾਚਲ ਤੋਂ ਰੇਤ ਖਰੀਦ ਰਹੇ ਹਨ। ਇਸ ਲਈ ਭਾਅ ਵਧ ਗਏ ਹਨ। 


ਦੱਸ ਦਈਏ ਕਿ ਪੰਜਾਬ 'ਚ ਲੋਕਾਂ ਨੂੰ ਘਰ ਬਣਾਉਣ ਲਈ ਰੇਤ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ 7 ਮਹੀਨਿਆਂ ਤੋਂ ਰੇਤ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇੰਨਾ ਹੀ ਨਹੀਂ ਕੁਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਸੁੱਕੀ ਰੇਤ ਦੇ ਖੱਡਿਆਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਸੀ ਤਾਂ ਕਿ ਲੋਕਾਂ ਨੂੰ ਰੇਤ ਸਸਤੀ ਮਿਲ ਸਕੇ ਪਰ ਬਾਵਜੂਦ ਇਸ ਦੇ ਹੁਣ ਰੇਤ ਬਜ਼ਾਰ ਵਿੱਚ ਮੁੜ ਤੋਂ ਬੰਦ ਹੋ ਗਈ ਹੈ। ਇਸ ਕਾਰਨ ਲੋਕਾਂ ਨੂੰ ਮਹਿੰਗੇ ਭਾਅ ’ਤੇ ਰੇਤ ਖਰੀਦਣੀ ਪੈ ਰਹੀ ਹੈ। ਉੱਥੇ ਹੀ ਲੁਧਿਆਣਾ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਰੇਤ ਦੀ 100 ਫੁੱਟ ਦੀ ਟਰਾਲੀ 4000 ਰੁਪਏ ਵਿੱਚ ਮਿਲ ਰਹੀ ਹੈ।


ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਤ ਵਿਕਰੇਤਾ ਧਰਮ ਸਿੰਘ ਨੇ ਕਿਹਾ ਕਿ ਉਹ ਹਿਮਾਚਲ ਤੋਂ ਰੇਤਾ ਖਰੀਦ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਜੋ ਰੇਤ ਉਨ੍ਹਾਂ ਨੂੰ 25 ਤੋਂ 30 ਰੁਪਏ ਫੁੱਟ ਤੱਕ ਮਿਲਦੀ ਸੀ, ਹੁਣ ਉਨ੍ਹਾਂ ਨੂੰ 35 ਰੁਪਏ ਫੁੱਟ ਮਿਲ ਰਹੀ ਹੈ ਜੋ ਕਿ ਹਿਮਾਚਲ ਖਰੀਦਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਰੇਤ ਦੇ ਸੁੱਕੇ ਹਿੱਸੇ ਨੂੰ ਖੋਲ੍ਹਣ ਤੋਂ ਬਾਅਦ ਕੁਝ ਰਾਹਤ ਮਿਲੀ ਸੀ, ਤਾਂ ਹੁਣ ਫਿਰ ਤੋਂ ਇਨ੍ਹਾਂ ਹਿਸਿਆ ਨੂੰ ਬੰਦ ਕਰ ਦਿੱਤਾ ਗਿਆ ਹੈ।


ਉਨ੍ਹਾਂ ਕਿਹਾ ਕਿ ਲੋਕਾਂ ਨੂੰ 3000 ਤੋਂ 3500 ਰੁਪਏ ਤੱਕ ਦੀ ਟਰਾਲੀ ਦਿੱਤੀ ਜਾਂਦੀ ਸੀ, ਉਹ ਹੁਣ 4000 ਰੁਪਏ ਦੀ ਟਰਾਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਸਰਕਾਰ ਤੋਂ ਰੇਤ ਦੀ ਖੱਡ ਖੋਲ੍ਹਣ ਦੀ ਮੰਗ ਕੀਤੀ ਹੈ। ਰੇਟ ਖਰੀਦਣ ਆਏ ਗੁਰਦੀਪ ਸਿੰਘ ਨੇ ਦੱਸਿਆ ਕਿ ਘਰ ਬਣਾਉਣਾ ਬਹੁਤ ਔਖਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਉਸ ਨੂੰ ਟਰਾਲੀ 2000 ਰੁਪਏ 'ਚ ਮਿਲਦੀ ਸੀ। ਹੁਣ ਉਹੀ ਟਰਾਲੀ 4000 ਰੁਪਏ 'ਚ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਗੱਲ ਲਈ ਚਿੰਤਿਤ ਹੈ ਕੀ ਉਹ ਆਪਣਾ ਘਰ ਬਣਾਵੇਗਾ ਜਾ ਨਹੀਂ।