Amazon Layoff: ਈ-ਕਾਮਰਸ ਕੰਪਨੀ ਐਮਾਜ਼ੋਨ ਆਉਣ ਵਾਲੇ ਦਿਨਾਂ 'ਚ ਵੱਡੀ ਗਿਣਤੀ 'ਚ ਕਰਮਚਾਰੀਆਂ ਦੀ ਛਾਂਟੀ (Amazon Layoff) ਕਰ ਸਕਦੀ ਹੈ। ਪਹਿਲਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਕੰਪਨੀ ਦੇ ਕਰੀਬ 10 ਹਜ਼ਾਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਪਰ ਹੁਣ ਆ ਰਹੀਆਂ ਖਬਰਾਂ ਮੁਤਾਬਕ ਨੌਕਰੀ ਤੋਂ ਕੱਢੇ ਜਾਣ ਵਾਲੇ ਕਰਮਚਾਰੀਆਂ ਦੀ ਗਿਣਤੀ 20 ਹਜ਼ਾਰ ਤੱਕ ਹੋ ਸਕਦੀ ਹੈ।


ਕੰਪਨੀ ਆਪਣੇ ਕਈ ਵਿਭਾਗਾਂ ਵਿੱਚ ਕਰਮਚਾਰੀਆਂ ਦੀ ਗਿਣਤੀ ਘਟਾਏਗੀ ਅਤੇ ਵੱਡੇ ਅਧਿਕਾਰੀਆਂ ਨੂੰ ਵੀ ਬਾਹਰ ਦਾ ਰਸਤਾ ਦਿਖਾਏਗੀ। ਇੰਡੀਆ ਟੂਡੇ ਦੀ ਇਕ ਰਿਪੋਰਟ ਦੇ ਅਨੁਸਾਰ, ਅਮੇਜ਼ਨ ਦੇ ਸੀਈਓ ਐਂਡੀ ਜੇਸੀ ਨੇ ਹਾਲ ਹੀ ਵਿਚ ਪੁਸ਼ਟੀ ਕੀਤੀ ਹੈ ਕਿ ਕੰਪਨੀ ਆਉਣ ਵਾਲੇ ਮਹੀਨਿਆਂ ਵਿੱਚ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਕੰਪਨੀ ਕਿੰਨੇ ਕਰਮਚਾਰੀਆਂ ਦੀ ਛਾਂਟੀ ਕਰੇਗੀ।


ਨਵੰਬਰ ਵਿੱਚ, ਨਿਊ ਯਾਰਕ ਟਾਈਮਜ਼ ਨੇ ਰਿਪੋਰਟ ਦਿੱਤੀ ਕਿ ਕੰਪਨੀ 10,000 ਕਰਮਚਾਰੀਆਂ ਦੀ ਛਾਂਟੀ ਕਰਨ ਦੀ ਯੋਜਨਾ ਬਣਾ ਰਹੀ ਹੈ। ਜ਼ਿਕਰਯੋਗ ਹੈ ਕਿ ਫੇਸਬੁੱਕ ਦੀ ਪੇਰੈਂਟ ਕੰਪਨੀ ਮੇਟਾ ਨੇ ਪਿਛਲੇ ਦਿਨੀਂ ਕਰਮਚਾਰੀਆਂ ਦੀ ਛਾਂਟੀ ਕੀਤੀ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਕੰਪਨੀਆਂ ਨੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।


ਕੰਪਨੀ ਕੱਢੇਗੀ 20 ਹਜ਼ਾਰ ਕਰਮਚਾਰੀਆਂ ਨੂੰ 


ਇਕ ਤਾਜ਼ਾ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ 10,000 ਨਹੀਂ ਸਗੋਂ 20,000 ਕਰਮਚਾਰੀਆਂ ਦੀ ਛਾਂਟੀ ਕਰੇਗੀ। ਅਮੇਜ਼ਨ ਸਭ ਤੋਂ ਸੀਨੀਅਰ ਅਹੁਦਿਆਂ ਸਮੇਤ ਸਾਰੇ ਪੱਧਰਾਂ 'ਤੇ ਲੋਕਾਂ ਨੂੰ ਕੱਢਣ ਦੀ ਯੋਜਨਾ ਬਣਾ ਰਿਹਾ ਹੈ।


ਕੰਪਨੀ ਪ੍ਰਬੰਧਕਾਂ ਨੂੰ ਕਰਮਚਾਰੀਆਂ ਦੇ ਕੰਮ ਦਾ ਮੁਲਾਂਕਣ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਐਮਾਜ਼ੋਨ ਲਗਭਗ 20,000 ਲੋਕਾਂ ਨੂੰ ਨੌਕਰੀ ਤੋਂ ਕੱਢਣ ਦੀ ਪ੍ਰਕਿਰਿਆ ਸ਼ੁਰੂ ਕਰ ਸਕੇ। ਕੰਪਨੀ ਆਪਣੇ ਕਾਰਪੋਰੇਟ ਸਟਾਫ 'ਚ 6 ਫੀਸਦੀ ਕਰਮਚਾਰੀਆਂ ਦੀ ਛਾਂਟੀ ਕਰੇਗੀ।


ਐਮਾਜ਼ੋਨ ਵਿੱਚ ਲਗਭਗ 15 ਲੱਖ ਕਰਮਚਾਰੀ ਕੰਮ ਕਰਦੇ ਹਨ। ਕੰਪਨੀ ਦੀ ਇਹ ਛਾਂਟੀ ਆਉਣ ਵਾਲੇ ਮਹੀਨਿਆਂ ਵਿੱਚ ਹੋਵੇਗੀ।