Liquor Scam: ਸੋਨੀਪਤ ਵਿੱਚ ਇੱਕ ਹੋਰ ਸ਼ਰਾਬ ਘੁਟਾਲਾ ਸਾਹਮਣੇ ਆਇਆ ਹੈ। ਜਿੱਥੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਠੇਕੇਦਾਰਾਂ ਨਾਲ ਮਿਲੀਭੁਗਤ ਕਰਕੇ 14 ਕਰੋੜ ਦਾ ਸ਼ਰਾਬ ਘੁਟਾਲਾ ਕੀਤਾ ਹੈ।
ਦੱਸ ਦਈਏ ਕਿ ਮਾਲੀਆ ਜਮ੍ਹਾ ਕਰਵਾਏ ਬਿਨਾਂ ਮੁਰਥਲ ਦੇ ਐੱਲ.-13 ਦੇ ਠੇਕੇਦਾਰ ਨੇ ਕੋਟੇ ਤੋਂ ਵੱਧ ਸ਼ਰਾਬ ਦੇ ਪੰਜ ਲੱਖ ਪੇਟੀਆਂ ਜ਼ਿਆਦਾ ਚੁੱਕਵਾ ਦਿੱਤੀਆਂ। ਇਸ ਮਾਮਲੇ ਦੇ ਸਾਹਮਣੇ ਆਉਣ 'ਤੇ ਉਸ ਦਾ ਲਾਇਸੈਂਸ ਮੁਅੱਤਲ ਕਰਨ ਦੇ ਨਾਲ-ਨਾਲ ਡਿਪਟੀ ਜ਼ਿਲ੍ਹਾ ਆਬਕਾਰੀ ਤੇ ਕਰ ਕਮਿਸ਼ਨਰ(ਡੀਈਟੀਸੀ ), ਏਡੀਈਟੀਸੀ ਅਤੇ ਆਬਕਾਰੀ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇੱਕ ਕਮੇਟੀ ਵੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਐਲ-13 ਨੂੰ ਪੂਰੇ ਮਾਮਲੇ ਤੋਂ ਬਾਅਦ ਸੀਲ ਕਰ ਦਿੱਤਾ ਗਿਆ ਹੈ ਅਤੇ ਅਧਿਕਾਰੀ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।
ਜ਼ਿਕਰ ਕਰ ਦਈਏ ਕਿ ਸੋਨੀਪਤ ਦੇ ਮੁਰਥਲ ਵਿਖੇ ਸ਼ਰਾਬ ਦੇ ਠੇਕੇਦਾਰ ਦੇ ਨਾਂ 'ਤੇ ਐਲ-13(ਦੇਸ਼ੀ ਸ਼ਰਾਬ) ਦਿੱਤਾ ਗਿਆ ਸੀ। ਠੇਕੇਦਾਰ ਨੇ ਆਪਣੇ ਨਿਰਧਾਰਤ ਲਾਇਸੈਂਸ ਤੋਂ ਵੱਧ ਸ਼ਰਾਬ ਦੀ ਲਿਫਟਿੰਗ ਸ਼ੁਰੂ ਕਰ ਦਿੱਤੀ। ਉਸ ਨੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਮਿਲ ਕੇ ਐਕਸੈਸ ਪਰਮਿਟ ਜਾਰੀ ਕੀਤੇ ਅਤੇ ਪੰਜ ਲੱਖ ਤੋਂ ਵੱਧ ਪੇਟੀਆਂ ਸ਼ਰਾਬ ਦੀਆਂ ਵੇਚੀਆਂ।
ਆਮ ਤੌਰ 'ਤੇ ਪਰਮਿਟ ਜਾਰੀ ਕਰਨ ਸਮੇਂ ਵਾਧੂ ਐਕਸਾਈਜ਼ ਡਿਊਟੀ ਜਮ੍ਹਾਂ ਕਰਵਾਉਣੀ ਪੈਂਦੀ ਹੈ, ਪਰ ਐਕਸੈਸ ਪਰਮਿਟ ਵਾਲੀ ਸ਼ਰਾਬ ਦੀ ਵਾਧੂ ਡਿਊਟੀ ਵਿਭਾਗ ਵਿੱਚ ਜਮ੍ਹਾਂ ਨਹੀਂ ਕਰਵਾਈ ਗਈ। ਇਸ ਦੀ ਸ਼ਿਕਾਇਤ ਹੈੱਡਕੁਆਰਟਰ ਤੱਕ ਪਹੁੰਚ ਗਈ। ਹੈੱਡਕੁਆਰਟਰ ਪੱਧਰ ਤੋਂ ਮੁੱਢਲੀ ਜਾਂਚ ਵਿੱਚ 14 ਕਰੋੜ ਰੁਪਏ ਦੀ ਵਾਧੂ ਐਕਸਾਈਜ਼ ਡਿਊਟੀ ਦਾ ਘਪਲਾ ਸਾਹਮਣੇ ਆਇਆ ਹੈ। ਇਸ ਕਾਰਨ ਡੀਈਟੀਸੀ ਨਰੇਸ਼ ਕੁਮਾਰ, ਏਡੀਈਟੀਸੀ ਕਸ਼ਮੀਰ ਸਿੰਘ ਕੰਬੋਜ ਅਤੇ ਆਬਕਾਰੀ ਇੰਸਪੈਕਟਰ ਰਾਮਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਠੇਕੇਦਾਰ 'ਤੇ 14 ਕਰੋੜ ਰੁਪਏ ਦੀ ਐਕਸਾਈਜ਼ ਡਿਊਟੀ ਅਤੇ 14 ਕਰੋੜ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ , ਜਿਸ ਕਾਰਨ ਉਸ ਦਾ ਲਾਇਸੈਂਸ ਕੁਝ ਸਮੇਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ।
ਸ਼ਰਾਬ ਠੇਕੇਦਾਰ ਨੇ ਵਾਧੂ ਡਿਊਟੀ ਜਮ੍ਹਾ ਕੀਤੇ ਬਿਨਾਂ ਚ ਪਰਮਿਟ ਜਾਰੀ ਕੀਤਾ। ਇਸ ਕਾਰਨ ਠੇਕੇਦਾਰ ਨੂੰ ਵਾਧੂ ਡਿਊਟੀ ਸਮੇਤ 28 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਮੁਰਥਲ ਦੀ ਐੱਲ.-13 ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਵਿੱਚ ਹੁਣ ਤੱਕ 9 ਕਰੋੜ ਤੋਂ ਵੱਧ ਦੀ ਰਕਮ ਬਰਾਮਦ ਕੀਤੀ ਗਈ ਹੈ।