ਨਵੀਂ ਦਿੱਲੀ: ਯੂਨਾਇਟਿਡ ਫੋਰਮ ਆਫ ਬੈਂਕ ਯੂਨੀਅਨਜ਼ (ਯੂਐਫਬੀਯੂ) ਦੇ ਸੱਦੇ ’ਤੇ ਜਨਤਕ ਖੇਤਰ ਦੇ ਬੈਂਕਾਂ ਦੀ ਹੜਤਾਲ ਨਾਲ ਸੋਮਵਾਰ ਨੂੰ ਮੁਲਕ ਵਿੱਚ ਬੈਂਕ ਵਿੱਚ ਚੈੱਕ ਕਲੀਅਰੈਂਸ ਸਮੇਤ ਹੋਰਨਾਂ ਬੈਂਕ ਸੇਵਾਵਾਂ ਪ੍ਰਭਾਵਿਤ ਹੋਈਆਂ। ਜਨਤਕ ਖੇਤਰ ਦੇ ਦੋ ਬੈਂਕਾਂ ਦੇ ਨਿਜੀਕਰਨ ਦੇ ਸਰਕਾਰ ਦੇ ਐਲਾਨ ਖ਼ਿਲਾਫ਼ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ।
ਯੂਐਫਬੀਯੂ ਨੇ 15 ਤੇ 16 ਮਾਰਚ ਨੂੰ ਦੋ ਦਿਨ ਦੀ ਹੜਤਾਲ ਦਾ ਸੱਦਾ ਦਿੱਤਾ ਹੈ। ਜਥੇਬੰਦੀ ਦਾ ਦਾਅਵਾ ਹੈ ਕਿ 10 ਲੱਖ ਬੈਂਕ ਮੁਲਾਜ਼ਮ ਤੇ ਅਧਿਕਾਰੀ ਇਸ ਹੜਤਾਲ ਵਿੱਚ ਸ਼ਾਮਲ ਹੋਏ। ਯੂਐਫਬੀਯੂ ਬੈਂਕ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਨੌਂ ਯੂਨੀਅਨਾਂ ਦਾ ਇਕ ਸਾਂਝਾ ਮੰਚ ਹੈ। ਹਾਲਾਂਕਿ, ਇਸ ਦੌਰਾਨ ਨਿਜੀ ਖੇਤਰ ਦੇ ਬੈਂਕਾਂ ਆਈਸੀਆਈਸੀਆਈ, ਐਚਡੀਐਫਸੀ ਤੇ ਐਕਸਿਸ ਬੈਂਕ ਦੀਆਂ ਸ਼ਾਖਾਵਾਂ ਵਿੱਚ ਕੰਮ ਆਮ ਵਾਂਗ ਜਾਰੀ ਰਿਹਾ। ਨਿੱਜੀ ਖੇਤਰ ਦੇ ਬੈਂਕ ਇਸ ਹੜਤਾਲ ਵਿੱਚ ਸ਼ਾਮਲ ਨਹੀਂ ਹਨ।
ਬੈਂਕਾਂ ਦੀ ਹੜਤਾਲ ਬਾਰੇ ਦੱਸ ਦਈਏ ਕਿ ਇਸ ਬਜਟ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਇਸ ਸਾਲ ਸਰਕਾਰ ਦੋ ਸਰਕਾਰੀ ਬੈਂਕਾਂ ਤੇ ਇੱਕ ਬੀਮਾ ਕੰਪਨੀ ਦਾ ਨਿੱਜੀਕਰਨ ਕਰ ਰਹੀ ਹੈ। ਸਰਕਾਰ ਦੇ ਇਸ ਫੈਸਲੇ ਵਿਰੁੱਧ 9 ਸਰਕਾਰੀ ਬੈਂਕਾਂ ਦੀ ਯੂਨੀਅਨ, ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਾਂ ਨੇ ਸੋਮਵਾਰ ਤੇ ਮੰਗਲਵਾਰ ਨੂੰ ਹੜਤਾਲ ਦਾ ਐਲਾਨ ਕੀਤਾ ਹੈ।
ਇਸ ਹੜਤਾਲ ਕਾਰਨ ਬੈਂਕਾਂ ਦੇ 10 ਲੱਖ ਕਰਮਚਾਰੀ ਦੋ ਦਿਨਾਂ ਤੱਕ ਕੰਮ ‘ਤੇ ਨਹੀਂ ਆਉਣਗੇ, ਜਿਸ ਕਾਰਨ ਬੈਂਕਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ 4 ਸਾਲਾਂ ਵਿੱਚ 14 ਜਨਤਕ ਬੈਂਕਾਂ ਨੂੰ ਮਰਜ ਕਰ ਦਿੱਤਾ ਗਿਆ ਹੈ। ਇਸ ਸਮੇਂ ਦੇਸ਼ ਵਿੱਚ 12 ਸਰਕਾਰੀ ਬੈਂਕ ਹਨ, ਜਿਸ ਤੋਂ ਬਾਅਦ ਉਨ੍ਹਾਂ ਦੀ ਗਿਣਤੀ 10 'ਤੇ ਆ ਜਾਵੇਗੀ। ਦੋ ਬੈਂਕਾਂ ਦਾ ਨਿੱਜੀਕਰਨ ਵਿੱਤੀ ਸਾਲ 2021-22 ਵਿਚ ਕੀਤਾ ਜਾਵੇਗਾ।
ਦੱਸ ਦਈਏ ਕਿ ਯੂਐਫਬੀਯੂ ਦੇ ਮੈਂਬਰਾਂ ਵਿੱਚ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏਆਈਬੀਈਏ), ਆਲ ਇੰਡੀਆ ਬੈਂਕ ਆਫੀਸਰਜ਼ ਕਨਫੈਡਰੇਸ਼ਨ (ਏਆਈਬੀਓਸੀ), ਨੈਸ਼ਨਲ ਕਨਫੈਡਰੇਸ਼ਨ ਆਫ ਬੈਂਕ ਕਰਮਚਾਰੀ (ਐਨਸੀਬੀਈ), ਆਲ ਇੰਡੀਆ ਬੈਂਕ ਅਫਸਰ ਐਸੋਸੀਏਸ਼ਨ (ਏਆਈਬੀਓਏ) ਤੇ ਬੈਂਕ ਇੰਪਲਾਈਜ਼ ਕਨਫੈਡਰੇਸ਼ਨ ਆਫ ਇੰਡੀਆ (ਬੀਈਸੀਆਈ) ਆਦਿ ਸ਼ਾਮਲ ਹਨ। ਇੰਡੀਅਨ ਨੈਸ਼ਨਲ ਬੈਂਕ ਇੰਪਲਾਈਜ਼ ਫੈਡਰੇਸ਼ਨ (ਆਈਐਨਬੀਐਫਐਫ), ਇੰਡੀਅਨ ਨੈਸ਼ਨਲ ਬੈਂਕ ਆਫੀਸਰਜ਼ ਕਾਂਗਰਸ (ਆਈਐਨਬੀਓਸੀ), ਨੈਸ਼ਨਲ ਆਰਗੇਨਾਈਜ਼ੇਸ਼ਨ ਆਫ਼ ਬੈਂਕ ਵਰਕਰ (ਐਨਓਬੀਡਬਲਯੂ) ਅਤੇ ਨੇਸ਼ਨ ਆਰਗੇਨਾਈਜ਼ੇਸ਼ਨ ਆਫ਼ ਬੈਂਕ ਅਧਿਕਾਰੀਆਂ (ਐਨਓਬੀਓ) ਵੀ ਇਸ ਹੜਤਾਲ ਵਿਚ ਸ਼ਾਮਲ ਹਨ।