Budget 2024: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤੇ ਗਏ ਬਜਟ ਵਿਚ ਔਰਤਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਬਜਟ ਭਾਸ਼ਣ ਦੇ ਅਹਿਮ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਤੇਜ਼ੀ ਨਾਲ ਵਧ ਰਹੀ ਹੈ। ਭਾਰਤ ਅੰਦਰ ਮਹਿੰਗਾਈ ਕੰਟਰੋਲ ਵਿੱਚ ਹੈ। ਇਹ ਬਜਟ ਗਰੀਬਾਂ, ਔਰਤਾਂ, ਨੌਜਵਾਨਾਂ ਤੇ ਕਿਸਾਨਾਂ 'ਤੇ ਕੇਂਦਰਿਤ ਹੈ। ਬਜਟ ਵਿੱਚ ਰੁਜ਼ਗਾਰ ਤੇ ਹੁਨਰ 'ਤੇ ਧਿਆਨ ਦਿੱਤਾ ਗਿਆ ਹੈ। ਬਜਟ ਵਿੱਚ ਨੌਜਵਾਨਾਂ ਲਈ ਦੋ ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।


ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ ਔਰਤਾਂ ਤੇ ਲੜਕੀਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਯੋਜਨਾਵਾਂ ਲਈ ਤਿੰਨ ਲੱਖ ਕਰੋੜ ਰੁਪਏ ਰੱਖੇ ਗਏ ਹਨ। ਉਤਰ ਪੂਰਬ ਖੇਤਰ ਵਿਚ ਇੰਡੀਆ ਪੋਸਟ ਪੇਮੈਂਟ ਬੈਂਕ ਦੀਆਂ ਸੌ ਤੋਂ ਵੱਧ ਸ਼ਾਖਾਵਾਂ ਖੋਲ੍ਹੀਆਂ ਜਾਣਗੀਆਂ। ਨਿੱਜੀ ਸੈਕਟਰ ਨੂੰ ਹਰ ਖੇਤਰ ਵਿਚ ਸਰਕਾਰ ਦੀਆਂ ਯੋਜਨਾਵਾਂ ਜ਼ਰੀਏ ਮਦਦ ਕੀਤੀ ਜਾਵੇਗੀ। ਵਿੱਤ ਮੰਤਰੀ ਨੇ ਕਿਹਾ ਕਿ ਫੂਡ ਸੇਫਟੀ ਲੈਬ ਖੋਲ੍ਹਣ ਲਈ ਐਮਐਸਐਮਈ ਦੀ ਮਦਦ ਕੀਤੀ ਜਾਵੇਗੀ। ਈ-ਕਾਮਰਸ ਬਰਾਮਦ ਨੂੰ ਹੁਲਾਰਾ ਦੇਣ ਲਈ ਪ੍ਰਾਈਵੇਟ ਸੈਕਟਰ ਨਾਲ ਮਿਲ ਕੇ ਯੋਜਨਾਵਾਂ ਲਿਆਂਦੀਆਂ ਜਾਣਗੀਆਂ।



ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 2024-25 ਦੇ ਆਮ ਬਜਟ ਵਿਚ ਇੱਕ ਅਜਿਹੀ ਯੋਜਨਾ ਦਾ ਐਲਾਨ ਕੀਤਾ ਹੈ ਜਿਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਵਿਚ ਦੇਸ਼ ਦੇ ਇਕ ਕਰੋੜ ਪਰਿਵਾਰਾਂ ਨੂੰ ਸਿੱਧਾ ਫਾਇਦਾ ਹੋਣ ਦੀ ਗੱਲ ਆਖੀ ਗਈ ਹੈ। ਇਸ ਤਹਿਤ ਹਰ ਘਰ ਨੂੰ ਹਰ ਮਹੀਨੇ ਸਿੱਧੀ 300 ਯੂਨਿਟ ਬਿਜਲੀ ਮਿਲੇਗੀ। ਦਰਅਸਲ, ਵਿੱਤ ਮੰਤਰੀ ਸੀਤਾਰਮਨ ਨੇ ਰੂਫਟਾਪ ਸੋਲਰ ਪੈਨਲ ਸਕੀਮ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸੂਰਿਆਘਰ ਮੁਫਤ ਬਿਜਲੀ ਯੋਜਨਾ ਸ਼ੁਰੂ ਕੀਤੀ ਗਈ ਹੈ।


ਇਸ ਤਹਿਤ ਛੱਤਾਂ ਉਤੇ ਸੋਲਰ ਪੈਨਲ ਲਗਾਏ ਜਾ ਸਕਦੇ ਹਨ। ਇੱਕ ਕਰੋੜ ਘਰਾਂ ਨੂੰ ਇਸ ਦਾ ਫਾਇਦਾ ਹੋਵੇਗਾ। ਉਹ ਇਸ ਸਕੀਮ ਤਹਿਤ 300 ਯੂਨਿਟ ਬਿਜਲੀ ਮੁਫ਼ਤ ਪ੍ਰਾਪਤ ਕਰ ਸਕਣਗੇ। ਵਿੱਤ ਮੰਤਰੀ ਨੇ ਅੱਗੇ ਕਿਹਾ ਕਿ NTPC ਅਤੇ BHEL ਮਿਲ ਕੇ 100 ਮੈਗਾਵਾਟ ਦਾ ਵਪਾਰਕ ਥਰਮਲ ਪਲਾਂਟ ਸਥਾਪਿਤ ਕਰਨਗੇ। ਇਸ ਪਲਾਂਟ ਵਿੱਚ ਐਡਵਾਂਸਡ ਅਲਟਰਾ ਸੁਪਰਕ੍ਰਿਟੀਕਲ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ।


ਇਸ ਦੇ ਨਾਲ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਲਾਨ ਕੀਤਾ ਕਿ ਪੇਂਡੂ ਬੁਨਿਆਦੀ ਢਾਂਚੇ ਸਮੇਤ ਪੇਂਡੂ ਵਿਕਾਸ ਲਈ 2.66 ਲੱਖ ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਵਿੱਤ ਮੰਤਰੀ ਸੀਤਾਰਮਨ ਨੇ ਲੋਕ ਸਭਾ ‘ਚ ਆਪਣੇ ਬਜਟ ਭਾਸ਼ਣ ‘ਚ ਇਹ ਐਲਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਤਿੰਨ ਕਰੋੜ ਵਾਧੂ ਮਕਾਨ ਬਣਾਏ ਜਾਣਗੇ। ਸਾਲ 2024-25 ਦਾ ਬਜਟ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਾਲ ਮੈਂ ਪੇਂਡੂ ਬੁਨਿਆਦੀ ਢਾਂਚੇ ਸਮੇਤ ਪੇਂਡੂ ਵਿਕਾਸ ਲਈ 2.66 ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ।