ਗੂਜਰੀ ਮਹਲਾ ੧ ॥ ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ ॥ ਤਾ ਕੋ ਅੰਤੁ ਨ ਜਾਈ ਲਖਣਾ ਆਵਤ ਜਾਤ ਰਹੈ ਗੁਬਾਰਿ ॥੧॥ ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਣ ਅਧਾਰ ॥ ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ ॥੧॥ ਰਹਾਉ ॥ ਰਵਿ ਸਸਿ ਦੀਪਕ ਜਾ ਕੇ ਤ੍ਰਿਭਵਣਿ ਏਕਾ ਜੋਤਿ ਮੁਰਾਰਿ ॥ ਗੁਰਮੁਖਿ ਹੋਇ ਸੁ ਅਹਿਨਿਸਿ ਨਿਰਮਲੁ ਮਨਮੁਖਿ ਰੈਣਿ ਅੰਧਾਰਿ ॥੨॥



ਨਾਭਿ = ਧੁੰਨੀ, ਵਿਸ਼ਨੂੰ ਦੀ ਧੁੰਨੀ। ਤੇ = ਤੋਂ। ਉਪਜੇ = ਜੰਮਿਆ। ਬੇਦ = (ਜਿਸ ਬ੍ਰਹਮਾ ਦੇ ਰਚੇ ਹੋਏ) ਵੇਦ। ਪੜਹਿ = (ਪੰਡਿਤ ਲੋਕ) ਪੜ੍ਹਦੇ ਹਨ। ਮੁਖਿ = ਮੂੰਹ ਨਾਲ। ਕੰਠਿ = ਗਲੇ ਤੋਂ। ਸਵਾਰਿ = ਸਵਾਰ ਕੇ, ਮਿੱਠੀ ਸੁਰ ਨਾਲ। ਤਾ ਕੋ = ਉਸ ਪਰਮਾਤਮਾ ਦਾ। ਗੁਬਾਰਿ = ਹਨੇਰੇ ਵਿਚ ॥੧॥ ਕਿਉ ਬਿਸਰਹਿ = ਨਾਹ ਵਿੱਸਰ। ਪ੍ਰਾਣ ਅਧਾਰ = ਪ੍ਰਾਣਾਂ ਦੇ ਆਸਰੇ। ਜਾ ਕੀ = ਜਿਸ ਦੀ। ਗੁਰ ਵੀਚਾਰਿ = ਗੁਰੂ ਦੀ ਦੱਸੀ ਮੱਤ ਦੇ ਆਸਰੇ। ਸੇਵਹਿ = ਸੇਵਦੇ ਹਨ, ਸਿਮਰਦੇ ਹਨ ॥੧॥ ਰਵਿ = ਸੂਰਜ। ਸਸਿ = ਚੰਦ੍ਰਮਾ। ਦੀਪਕ = ਦੀਵੇ। ਜਾ ਕੇ = ਜਿਸ ਪ੍ਰਭੂ ਦੇ। ਤ੍ਰਿਭਵਣਿ = ਤਿੰਨ ਭਵਨਾਂ ਵਾਲੇ ਜਗਤ ਵਿਚ। ਏਕਾ ਜੋਤਿ = ਉਸੇ ਦੀ ਹੀ ਜੋਤਿ। ਮੁਰਾਰਿ = {ਮੁਰ ਅਰਿ} ਪਰਮਾਤਮਾ। ਗੁਰਮੁਖਿ = ਗੁਰੂ ਦੇ ਸਨਮੁਖ, ਜਿਸ ਦਾ ਮੂੰਹ ਗੁਰੂ ਵਲ ਹੈ, ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਦਾ ਹੈ। ਅਹਿ = ਦਿਨ। ਨਿਸਿ = ਰਾਤ। ਮਨਮੁਖਿ = ਜੋ ਆਪਣੇ ਮਨ ਦੇ ਪਿੱਛੇ ਤੁਰਦਾ ਹੈ। ਰੈਣਿ = ਰਾਤ, ਜ਼ਿੰਦਗੀ। ਅੰਧਾਰਿ = ਹਨੇਰੇ ਵਿਚ ॥੨॥



 

(ਪੁਰਾਣਾਂ ਵਿਚ ਕਥਾ ਆਉਂਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ) ਵੇਦ (ਪੰਡਿਤ ਲੋਕ) ਮੂੰਹੋਂ ਗਲੇ ਨਾਲ ਮਿੱਠੀ ਸੁਰ ਵਿਚ ਨਿੱਤ ਪੜ੍ਹਦੇ ਹਨ, ਉਹ ਬ੍ਰਹਮਾ ਵਿਸ਼ਨੂੰ ਦੀ ਧੁੰਨੀ ਵਿਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ, (ਤੇ ਆਪਣੇ ਜਨਮ-ਦਾਤੇ ਦੀ ਕੁਦਰਤਿ ਦਾ ਅੰਤ ਲੱਭਣ ਲਈ ਉਸ ਨਾਲ ਵਿਚ ਚੱਲ ਪਿਆ, ਕਈ ਜੁਗ ਉਸ ਨਾਲ ਦੇ) ਹਨੇਰੇ ਵਿਚ ਹੀ ਆਉਂਦਾ ਜਾਂਦਾ ਰਿਹਾ, ਪਰ ਉਸ ਦਾ ਅੰਤ ਨਾਹ ਲੱਭ ਸਕਿਆ ॥੧॥ ਹੇ ਮੇਰੀ ਜ਼ਿੰਦਗੀ ਦੇ ਆਸਰੇ ਪ੍ਰੀਤਮ! ਮੈਨੂੰ ਨਾਹ ਭੁੱਲ। ਤੂੰ ਉਹ ਹੈਂ ਜਿਸ ਦੀ ਭਗਤੀ ਪੂਰਨ ਪੁਰਖ ਸਦਾ ਕਰਦੇ ਰਹਿੰਦੇ ਹਨ, ਜਿਸ ਨੂੰ ਰਿਸ਼ੀ ਮੁਨੀ ਗੁਰੂ ਦੀ ਦੱਸੀ ਸੂਝ ਦੇ ਆਸਰੇ ਸਦਾ ਸਿਮਰਦੇ ਹਨ ॥੧॥ ਰਹਾਉ॥ ਉਹ ਪ੍ਰਭੂ ਇਤਨਾ ਵੱਡਾ ਹੈ ਕਿ ਸੂਰਜ ਤੇ ਚੰਦ੍ਰਮਾ ਉਸ ਦੇ ਤ੍ਰਿਭਵਣੀ ਜਗਤ ਵਿਚ (ਮਾਨੋ ਨਿਕੇ ਜਿਹੇ) ਦੀਵੇ (ਹੀ) ਹਨ, ਸਾਰੇ ਜਗਤ ਵਿਚ ਉਸੇ ਦੀ ਜੋਤਿ ਵਿਆਪਕ ਹੈ। ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ। ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੀ ਜ਼ਿੰਦਗੀ ਦੀ ਰਾਤ (ਅਗਿਆਨਤਾ ਦੇ) ਹਨੇਰੇ ਵਿਚ ਬੀਤਦੀ ਹੈ ॥੨॥


 

ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!