ਨਵੀਂ ਦਿੱਲੀ : ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ (SBI) ਨੇ ਆਪਣੇ ਗਾਹਕਾਂ ਨੂੰ ਵੱਡਾ ਝਟਕਾ ਦਿੱਤਾ ਹੈ। ਐਸਬੀਆਈ ਨੇ ਉਨ੍ਹਾਂ ਖਾਤਾਧਾਰਕਾਂ ਨੂੰ ਝਟਕਾ ਦਿੱਤਾ, ਜਿਨ੍ਹਾਂ ਨੇ ਹੁਣ ਤੱਕ ਆਪਣਾ ਕੇਵਾਈਸੀ ਨਹੀਂ ਕਰਵਾਇਆ ਹੈ। ਬੈਂਕ ਨੇ ਅਜਿਹੇ ਬੈਂਕ ਖਾਤੇ ਨੂੰ ਫ੍ਰੀਜ਼ ਕਰ ਦਿੱਤਾ ਹੈ। ਮਤਲਬ ਹੁਣ ਇਹ ਖਾਤਾਧਾਰਕ ਆਪਣੇ ਬੈਂਕ ਖਾਤੇ ਤੋਂ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਨਹੀਂ ਕਰ ਸਕਣਗੇ।


1 ਜੁਲਾਈ ਤੱਕ ਕੇਵਾਈਸੀ ਨਾ ਕਰਵਾਉਣ ਵਾਲਿਆਂ ਖ਼ਿਲਾਫ਼ ਕਾਰਵਾਈ


ਐਸਬੀਆਈ ਨੇ ਹੁਣ ਉਨ੍ਹਾਂ ਖਾਤਾਧਾਰਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਹੈ, ਜਿਨ੍ਹਾਂ ਨੇ 1 ਜੁਲਾਈ ਤੱਕ ਆਪਣਾ ਕੇਵਾਈਸੀ ਅਪਡੇਟ ਨਹੀਂ ਕੀਤਾ। ਇਸ ਕਾਰਵਾਈ ਦਾ ਅਸਰ ਹੁਣ ਬੈਂਕ 'ਤੇ ਨਜ਼ਰ ਆ ਰਿਹਾ ਹੈ। ਬਹੁਤ ਸਾਰੇ ਖਾਤਾਧਾਰਕ ਆਪਣੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾਉਣ 'ਚ ਅਸਮਰੱਥ ਹਨ। ਅਜਿਹੇ 'ਚ ਖਾਤਾਧਾਰਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜ਼ਨੈਸ ਲਾਈਨ ਦੀ ਰਿਪੋਰਟ ਮੁਤਾਬਕ ਖਾਤਾਧਾਰਕਾਂ ਵੱਲੋਂ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਉਨ੍ਹਾਂ ਨੂੰ ਖਾਤਾ ਫ੍ਰੀਜ਼ ਕਰਨ ਤੋਂ ਪਹਿਲਾਂ ਬੈਂਕ ਤੋਂ ਜਾਣਕਾਰੀ ਨਹੀਂ ਮਿਲੀ ਅਤੇ ਹੁਣ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਬੈਂਕ ਨੇ KYC ਬਾਰੇ ਕਹੀ ਵੱਡੀ ਗੱਲ


ਇਸ ਦੇ ਨਾਲ ਹੀ ਬੈਂਕ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਲਗਾਤਾਰ ਨੋਟੀਫਿਕੇਸ਼ਨ ਜਾਰੀ ਕੀਤੇ ਗਏ। ਖਾਤਾਧਾਰਕਾਂ ਨੂੰ ਈਮੇਲ, ਐਸਐਮਐਸ ਰਾਹੀਂ ਸੂਚਨਾ ਭੇਜੀ ਗਈ ਸੀ। ਉਨ੍ਹਾਂ ਖਾਤਾਧਾਰਕਾਂ ਨੂੰ ਬੈਂਕ ਵੱਲੋਂ ਹਰ ਤਰ੍ਹਾਂ ਨਾਲ ਸੂਚਿਤ ਕੀਤਾ ਗਿਆ ਕਿ ਉਹ ਆਪਣੇ ਬੈਂਕ ਖਾਤੇ ਦਾ ਕੇਵਾਈਸੀ ਕਰਵਾ ਲੈਣ। ਬੈਂਕ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਭਰ 'ਚ 45 ਕਰੋੜ ਖਾਤਾਧਾਰਕ ਹਨ। ਬੈਂਕ ਲਗਾਤਾਰ ਗਾਹਕਾਂ ਨੂੰ ਕੇਵਾਈਸੀ ਸਬੰਧੀ ਜਾਣਕਾਰੀ ਪ੍ਰਦਾਨ ਕਰ ਰਿਹਾ ਹੈ। ਜਦੋਂ ਵੀ ਗਾਹਕ ਨੈੱਟ ਬੈਂਕਿੰਗ ਜਾਂ ਏਟੀਐਮ ਰਾਹੀਂ ਲੈਣ-ਦੇਣ ਕਰਦੇ ਹਨ ਤਾਂ ਉਨ੍ਹਾਂ ਨੂੰ ਕੇਵਾਈਸੀ ਅਪਡੇਟ ਲਈ ਕਿਹਾ ਜਾਂਦਾ ਰਿਹਾ ਹੈ।


ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕੇਵਾਈਸੀ


ਦਰਅਸਲ, ਆਨਲਾਈਨ ਧੋਖਾਧੜੀ ਦੇ ਜ਼ੋਖ਼ਮ ਨੂੰ ਘਟਾਉਣ ਲਈ ਰਿਜ਼ਰਵ ਬੈਂਕ ਸਾਰੇ ਖਾਤਾਧਾਰਕਾਂ ਨੂੰ ਕੇਵਾਈਸੀ ਅਪਡੇਟ ਕਰਨ ਦੀ ਸਲਾਹ ਦਿੰਦਾ ਹੈ। ਆਰਬੀਆਈ ਨੇ ਸਾਰੇ ਬੈਂਕਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਗਾਹਕਾਂ ਤੋਂ ਕੇਵਾਈਸੀ ਅਪਡੇਟ ਮੰਗਣ। ਦੱਸ ਦੇਈਏ ਕਿ ਕੇਵਾਈਸੀ ਅਪਡੇਟ ਨਾ ਹੋਣ ਕਾਰਨ ਖਾਤਾ ਫ੍ਰੀਜ਼ ਕਰਨ ਦਾ ਪਹਿਲਾ ਮਾਮਲਾ ਐਸਬੀਆਈ 'ਚ ਹੀ ਦੇਖਣ ਨੂੰ ਮਿਲਿਆ ਹੈ।