CNG-PNG Price Hike : ਮਹਾਰਾਸ਼ਟਰ 'ਚ ਲੋਕਾਂ 'ਤੇ ਮਹਿੰਗਾਈ ਦਾ ਦੋਹਰਾ ਅਟੈਕ ਹੋਇਆ ਹੈ। ਇੱਥੇ ਮੰਗਲਵਾਰ ਰਾਤ ਨੂੰ ਸੀਐਨਜੀ ਦੀ ਪ੍ਰਚੂਨ ਕੀਮਤ ਵਿੱਚ 5 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਪੀਐਨਜੀ ਦੀ ਕੀਮਤ ਵਿੱਚ 4.50 ਰੁਪਏ ਪ੍ਰਤੀ ਕਿਊਬਿਕ ਮੀਟਰ ਦਾ ਵਾਧਾ ਕੀਤਾ ਗਿਆ ਸੀ। ਇਸ ਵਾਧੇ ਕਾਰਨ ਲੋਕਾਂ ’ਤੇ ਵਧੇ ਖਰਚੇ ਦੀ ਦੋਹਰੀ ਮਾਰ ਪਈ ਹੈ।

 

 ਈਂਧਨ ਦੀਆਂ ਕੀਮਤਾਂ ਵਿੱਚ ਵਾਧੇ ਦਾ ਦਿੱਤਾ ਇਹ ਕਾਰਨ


ਮਹਾਰਾਸ਼ਟਰ ਗੈਸ ਲਿਮਟਿਡ ਨੇ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕਰਦਿਆਂ ਕਿਹਾ ਕਿ ਲਾਗਤ ਵਧਣ ਕਾਰਨ ਈਂਧਨ ਦੀਆਂ ਕੀਮਤਾਂ ਵਿੱਚ ਵਾਧਾ ਕਰਨਾ ਪਿਆ ਹੈ। ਵਧੀਆਂ ਹੋਈਆਂ ਦਰਾਂ ਮੰਗਲਵਾਰ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ। ਪਿਛਲੇ ਇੱਕ ਹਫ਼ਤੇ ਵਿੱਚ ਇਨ੍ਹਾਂ ਦੀਆਂ ਕੀਮਤਾਂ ਵਿੱਚ ਇਹ ਦੂਜਾ ਵਾਧਾ ਹੈ। ਇਸ ਤੋਂ ਪਹਿਲਾਂ 6 ਅਪ੍ਰੈਲ ਨੂੰ ਸੀਐਨਜੀ ਦੀ ਕੀਮਤ ਵਿੱਚ 7 ​​ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਪੀਐਨਜੀ ਦੀ ਕੀਮਤ ਵਿੱਚ 5 ਰੁਪਏ ਪ੍ਰਤੀ ਕਿਊਬਿਕ ਮੀਟਰ ਦਾ ਵਾਧਾ ਕੀਤਾ ਗਿਆ ਸੀ।

 

 ਇੱਕ ਹਫ਼ਤੇ ਵਿੱਚ CNG12 ਰੁਪਏ ਅਤੇ PNG 9.5 ਰੁਪਏ ਮਹਿੰਗੀ 

 

ਇਸ ਤਰ੍ਹਾਂ ਇੱਕ ਹਫ਼ਤੇ ਦੇ ਅੰਦਰ ਮਹਾਰਾਸ਼ਟਰ ਵਿੱਚ ਸੀਐਨਜੀ ਦੀ ਕੀਮਤ ਵਿੱਚ 12 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਪੀਐਨਜੀ ਦੀ ਕੀਮਤ ਵਿੱਚ 9.5 ਰੁਪਏ ਪ੍ਰਤੀ ਘਣ ਮੀਟਰ ਦਾ ਵਾਧਾ ਹੋਇਆ ਹੈ। ਮੁੰਬਈ ਵਿੱਚ ਸੀਐਨਜੀ ਹੁਣ 72 ਰੁਪਏ ਪ੍ਰਤੀ ਕਿਲੋਗ੍ਰਾਮ ਹੈ ਅਤੇ ਰਸੋਈ ਵਿੱਚ ਵਰਤੀ ਜਾਣ ਵਾਲੀ ਪੀਐਨਜੀ 45.50 ਰੁਪਏ ਪ੍ਰਤੀ ਘਣ ਮੀਟਰ ਹੈ।

 

ਹਾਲਾਂਕਿ 31 ਮਾਰਚ ਨੂੰ ਘਟੀਆਂ ਸੀ ਕੀਮਤਾਂ
  


ਮਹਾਰਾਸ਼ਟਰ ਵਿੱਚ ਗੈਸ ਸਪਲਾਈ ਕਰਨ ਵਾਲੀ ਪ੍ਰਮੁੱਖ ਕੰਪਨੀ ਮਹਾਰਾਸ਼ਟਰ ਗੈਸ ਲਿਮਿਟੇਡ ਨੇ ਹਾਲਾਂਕਿ 31 ਮਾਰਚ ਨੂੰ ਸੀਐਨਜੀ ਦੀ ਕੀਮਤ ਵਿੱਚ 6 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਪੀਐਨਜੀ ਦੀ ਕੀਮਤ ਵਿੱਚ 3.50 ਰੁਪਏ ਪ੍ਰਤੀ ਕਿਊਬਿਕ ਮੀਟਰ ਦੀ ਕਟੌਤੀ ਕੀਤੀ ਸੀ। ਇਸ ਦਾ ਮੁੱਖ ਕਾਰਨ ਇਹ ਸੀ ਕਿ ਸੂਬਾ ਸਰਕਾਰ ਨੇ ਇਨ੍ਹਾਂ ਈਂਧਨਾਂ ਦੀਆਂ ਕੀਮਤਾਂ 'ਤੇ ਵੈਟ 'ਚ 3 ਫੀਸਦੀ ਦੀ ਕਟੌਤੀ ਕੀਤੀ ਸੀ, ਜੋ ਕਿ 1 ਅਪ੍ਰੈਲ ਤੋਂ ਲਾਗੂ ਹੋ ਗਿਆ ਸੀ।