ਨਿਊਯਾਰਕ ਦੇ ਸਬਵੇਅ ਸਟੇਸ਼ਨ 'ਤੇ ਭੀੜ ਦੌਰਾਨ ਹੋਈ ਗੋਲੀਬਾਰੀ ਦੀ ਘਟਨਾ 'ਚ ਘੱਟੋ-ਘੱਟ 13 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਦੇ ਅਨੁਸਾਰ ਸਨਸੈਟ ਪਾਰਕ ਦੇ 36ਵੇਂ ਸਟ੍ਰੀਟ ਸਟੇਸ਼ਨ 'ਤੇ ਮੰਗਲਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ ਲਗਭਗ 0830 (1330 GMT) 'ਤੇ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਸਥਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਸਟੇਸ਼ਨ ਦੇ ਫਰਸ਼ 'ਤੇ ਖੂਨ ਨਾਲ ਲੱਥਪੱਥ ਯਾਤਰੀ ਪਏ ਦਿਖਾਈ ਦੇ ਰਹੇ ਹਨ।

 

ਹਮਲਾਵਰ ਨੇ ਗੈਸ ਮਾਸਕ ਪਾਇਆ ਹੋਇਆ ਸੀ


ਹਮਲਾਵਰ ਬਾਰੇ ਅਜੇ ਜ਼ਿਆਦਾ ਜਾਣਕਾਰੀ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਸੰਤਰੀ ਰੰਗ ਦੀ ਵੇਸਟ ਪਾਈ ਹੋਈ ਸੀ ਅਤੇ ਉਸ ਨੇ ਗੈਸ ਮਾਸਕ ਵੀ ਪਾਇਆ ਹੋਇਆ ਸੀ। ਮੰਨਿਆ ਜਾ ਰਿਹਾ ਹੈ ਕਿ ਉਹ ਮੌਕੇ ਤੋਂ ਫਰਾਰ ਹੋ ਗਿਆ ਹੈ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ।

 

ਨਿਊਯਾਰਕ ਸਿਟੀ ਦੇ ਮੇਅਰ ਐਰਿਕ ਐਡਮਜ਼ ਦੇ ਬੁਲਾਰੇ ਨੇ ਨਿਊ ਯਾਰਕ ਵਾਸੀਆਂ ਨੂੰ "ਆਪਣੀ ਸੁਰੱਖਿਆ ਲਈ ਖੇਤਰ ਤੋਂ ਦੂਰ ਰਹਿਣ ਲਈ ਕਿਹਾ ਤਾਂ ਜੋ ਪੁਲਿਸ ਪ੍ਰਸ਼ਾਸਨ ਪਹਿਲਾਂ ਲੋੜਵੰਦਾਂ ਦੀ ਮਦਦ ਅਤੇ ਜਾਂਚ ਕਰ ਸਕੇ।

ਦੋਵਾਂ ਦਿਸ਼ਾਵਾਂ ਵਿੱਚ ਘੱਟੋ-ਘੱਟ ਚਾਰ ਰੇਲ ਲਾਈਨਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਨਿਊਯਾਰਕ ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਉਸਨੂੰ ਅਸਲ ਵਿੱਚ ਸਟੇਸ਼ਨ ਦੇ ਅੰਦਰ ਧੂੰਏਂ ਬਾਰੇ ਇੱਕ ਕਾਲ ਮਿਲੀ ਸੀ, ਪਰ ਅਧਿਕਾਰੀਆਂ ਨੇ ਗੋਲੀਬਾਰੀ ਨਾਲ ਕਈ ਲੋਕ ਜ਼ਖਮੀ ਹੋਏ ਪਾਏ।

 

 ਬਿਡੇਨ ਨੂੰ ਘਟਨਾ ਦੀ ਜਾਣਕਾਰੀ ਦਿੱਤੀ


ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਨੇ ਟਵੀਟ ਕੀਤਾ ਕਿ ਰਾਸ਼ਟਰਪਤੀ ਜੋਅ ਬਿਡੇਨ ਨੂੰ ਨਿਊਯਾਰਕ ਦੀ ਸਥਿਤੀ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਰਾਸ਼ਟਰਪਤੀ ਬਿਡੇਨ ਅੱਜ ਬਾਅਦ ਵਿੱਚ ਆਇਓਵਾ ਰਾਜ ਦਾ ਦੌਰਾ ਕਰਨ ਵਾਲੇ ਹਨ।

 

 ਪੁਲਿਸ ਹਮਲਾਵਰ ਦੀ ਤਲਾਸ਼ ਕਰ ਰਹੀ ਹੈ


ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੇ ਗੋਲੀ ਚਲਾਉਣ ਤੋਂ ਪਹਿਲਾਂ ਭੀੜ ਦਾ ਧਿਆਨ ਭਟਕਾਉਣ ਲਈ ਪਲੇਟਫਾਰਮ 'ਤੇ ਧੂੰਏਂ ਦਾ ਗ੍ਰੇਨੇਡ ਸੁੱਟਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਸਥਾਨ 'ਤੇ ਕੋਈ ਸਰਗਰਮ ਵਿਸਫੋਟਕ ਨਹੀਂ ਹੈ। ਸੂਤਰਾਂ ਨੇ ਦੱਸਿਆ ਕਿ ਪੁਲਿਸ ਇੱਕ ਅਜਿਹੇ ਵਿਅਕਤੀ ਦੀ ਤਲਾਸ਼ ਕਰ ਰਹੀ ਹੈ ,ਜਿਸ ਦਾ ਕੱਦ 5 ਫੁੱਟ-5 ਇੰਚ ਹੈ, ਜਿਸ ਦਾ ਭਾਰ 180 ਪੌਂਡ ਹੈ ਅਤੇ ਉਸ ਨੇ ਗੈਸ ਮਾਸਕ ਪਾਇਆ ਹੋਇਆ ਹੈ।