LPG Prices Reduced: ਦੇਸ਼ ਭਰ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਲੋਕਾਂ ਨੂੰ ਇੱਕ ਵਾਰ ਫਿਰ ਰਾਹਤ ਮਿਲੀ ਹੈ। ਸਰਕਾਰੀ ਤੇਲ ਅਤੇ ਗੈਸ ਮਾਰਕੀਟਿੰਗ ਕੰਪਨੀਆਂ ਵੱਲੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਲਗਾਤਾਰ ਦੂਜੀ ਵਾਰ ਕਟੌਤੀ ਕੀਤੀ ਗਈ ਹੈ। ਇਸ ਨਾਲ ਮਹਿੰਗਾਈ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲਣ ਵਾਲੀ ਹੈ।


ਸਰਕਾਰੀ ਤੇਲ ਕੰਪਨੀਆਂ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਅੱਜ ਤੋਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 19 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ। ਹਾਲਾਂਕਿ, ਇਸ ਕਟੌਤੀ ਦਾ ਲਾਭ ਸਿਰਫ 19 ਕਿਲੋ ਦੇ ਵਪਾਰਕ LPG ਸਿਲੰਡਰ 'ਤੇ ਹੀ ਮਿਲੇਗਾ। ਇਸ ਵਾਰ ਵੀ ਘਰੇਲੂ ਵਰਤੋਂ ਲਈ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।


ਤਾਜ਼ਾ ਕਟੌਤੀ ਤੋਂ ਬਾਅਦ ਦਿੱਲੀ 'ਚ 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 1,745.50 ਰੁਪਏ ਹੋ ਗਈ ਹੈ। ਇਸੇ ਤਰ੍ਹਾਂ ਅੱਜ ਤੋਂ ਕੋਲਕਾਤਾ 'ਚ ਵਪਾਰਕ LPG ਸਿਲੰਡਰ 1,859 ਰੁਪਏ 'ਚ ਮਿਲੇਗਾ। ਮੁੰਬਈ ਦੇ ਲੋਕਾਂ ਨੂੰ ਹੁਣ ਇਸ ਵੱਡੇ ਸਿਲੰਡਰ ਲਈ 1,698.50 ਰੁਪਏ ਦੇਣੇ ਪੈਣਗੇ, ਜਦਕਿ ਚੇਨਈ 'ਚ ਹੁਣ ਇਸ ਦੀ ਕੀਮਤ 1,911 ਰੁਪਏ ਹੋਵੇਗੀ।


ਇਹ ਵੀ ਪੜ੍ਹੋ: 7th Pay Commission: ਸਰਕਾਰੀ ਕਰਮਚਾਰੀਆਂ ਦੇ DA ਵਿੱਚ 50% ਅਤੇ ਮੁੱਖ ਭੱਤਿਆਂ ਵਿੱਚ 25% ਦਾ ਵਾਧਾ


19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਇਹ ਕਟੌਤੀ ਅਜਿਹੇ ਸਮੇਂ ਵਿੱਚ ਹੋਈ ਹੈ ਜਦੋਂ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ। ਲੋਕ ਸਭਾ ਚੋਣਾਂ ਪਿਛਲੇ ਮਹੀਨੇ ਸ਼ੁਰੂ ਹੋਈਆਂ ਸਨ ਅਤੇ ਹੁਣ ਤੱਕ ਦੋ ਪੜਾਵਾਂ ਦੀ ਵੋਟਿੰਗ ਹੋ ਚੁੱਕੀ ਹੈ। ਵੋਟਿੰਗ ਦੇ ਅਜੇ ਪੰਜ ਪੜਾਅ ਬਾਕੀ ਹਨ। ਆਖਰੀ ਪੜਾਅ ਦੀ ਵੋਟਿੰਗ 1 ਜੂਨ ਨੂੰ ਪੰਜਾਬ ਵਿੱਚ ਹੋਵੇਗੀ, ਜਿਸ ਤੋਂ ਬਾਅਦ 4 ਜੂਨ ਨੂੰ ਲੋਕ ਸਭਾ ਚੋਣਾਂ 2024 ਦੇ ਨਤੀਜੇ ਸਾਹਮਣੇ ਆਉਣਗੇ।


ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਈ ਕਟੌਤੀਆਂ ਕੀਤੀਆਂ ਗਈਆਂ ਸਨ। ਪਿਛਲੇ ਮਹੀਨੇ ਦੀ ਪਹਿਲੀ ਤਰੀਕ ਯਾਨੀ 1 ਅਪ੍ਰੈਲ ਤੋਂ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 35 ਰੁਪਏ ਦੀ ਕਟੌਤੀ ਕੀਤੀ ਗਈ ਸੀ। ਇਸ ਤੋਂ ਪਹਿਲਾਂ ਲਗਾਤਾਰ ਤਿੰਨ ਮਹੀਨਿਆਂ ਤੋਂ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਦੇਖਿਆ ਜਾ ਰਿਹਾ ਸੀ।


ਜ਼ਿਕਰਯੋਗ ਹੈ ਕਿ ਘਰੇਲੂ ਐਲਪੀਜੀ ਸਿਲੰਡਰਾਂ ਦੇ ਮਾਮਲੇ ਵਿੱਚ ਗਾਹਕਾਂ ਨੂੰ ਆਖਰੀ ਵਾਰ ਮਾਰਚ ਮਹੀਨੇ ਵਿੱਚ ਤੋਹਫ਼ਾ ਮਿਲਿਆ ਸੀ। ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਦਿਵਸ (8 ਮਾਰਚ 2024) ਦੇ ਮੌਕੇ 'ਤੇ LPG ਸਿਲੰਡਰ ਦੀਆਂ ਕੀਮਤਾਂ 'ਚ 100 ਰੁਪਏ ਦੀ ਕਟੌਤੀ ਦਾ ਐਲਾਨ ਕੀਤਾ ਸੀ। ਇਸ ਤੋਂ ਇੱਕ ਦਿਨ ਪਹਿਲਾਂ 7 ਮਾਰਚ ਨੂੰ ਮੋਦੀ ਸਰਕਾਰ ਨੇ ਐਲਪੀਜੀ ਸਿਲੰਡਰ ਦੇ ਮਾਮਲੇ ਵਿੱਚ ਆਮ ਲੋਕਾਂ ਨੂੰ ਰਾਹਤ ਦਿੱਤੀ ਸੀ। ਫਿਰ ਮੰਤਰੀ ਮੰਡਲ ਨੇ 31 ਮਾਰਚ 2025 ਤੱਕ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ 300 ਰੁਪਏ ਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ 14 ਕਿਲੋ ਦੇ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।


ਇਹ ਵੀ ਪੜ੍ਹੋ: ਆਪੇ ਹੀ ਠੀਕ ਹੋ ਜਾਣਗੀਆਂ ਟੁੱਟੀਆਂ ਸੜਕਾਂ, ਦੇਸ਼ 'ਚ ਆਉਣ ਵਾਲੀ ਹੈ ਅਜਿਹੀ ਤਕਨੀਕ, ਆਪਣੇ ਆਪ ਭਰੇ ਜਾਣਗੇ ਟੋਏ