LPG Cylinder Price Hike: ਪੈਟਰੋਲ ਤੇ ਡੀਜ਼ਲ ਤੋਂ ਬਾਅਦ ਹੁਣ ਮਹੀਨੇ ਦੇ ਪਹਿਲੇ ਹੀ ਦਿਨ ਗੈਸ ਸਿਲੰਡਰ ਵੀ ਮਹਿੰਗਾਈ ਦੀ ਮਾਰ ਹੇਠ ਆ ਗਿਆ ਹੈ। ਤੇਲ ਕੰਪਨੀਆਂ ਨੇ ਕਮਰਸ਼ੀਅਲ ਗੈਸ ਸਿਲੰਡਰਾਂ ਦੀਆਂ ਕੀਮਤਾਂ 'ਚ 43.5 ਰੁਪਏ ਦਾ ਵਾਧਾ ਕੀਤਾ ਹੈ। ਦੱਸ ਦਈਏ ਕਿ ਵਪਾਰਕ ਗੈਸ ਸਿਲੰਡਰਾਂ ਦੀ ਵਰਤੋਂ ਹੋਟਲਾਂ, ਢਾਬਿਆਂ ਤੇ ਜਨਤਕ ਖਾਣੇ ਬਣਾਉਣ ਵਾਲਿਆਂ ਥਾਂਵਾਂ 'ਚ ਕੀਤਾ ਜਾਂਦਾ ਹੈ। ਅਜਿਹੇ 'ਚ ਹੁਣ ਹੋਟਲ 'ਚ ਖਾਣਾ ਵੀ ਮਹਿੰਗਾ ਹੋ ਸਕਦਾ ਹੈ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਘਰੇਲੂ ਵਰਤੋਂ ਲਈ ਐਲਪੀਜੀ ਗੈਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ।
ਇੰਡੀਅਨ ਆਇਲ ਦੀ ਵੈੱਬਸਾਈਟ ਤੋਂ ਹਾਸਲ ਜਾਣਕਾਰੀ ਮੁਤਾਬਕ ਦਿੱਲੀ ਵਿੱਚ 19 ਕਿਲੋ ਦਾ ਵਪਾਰਕ ਸਿਲੰਡਰ ਵਧ ਕੇ 1,736.5 ਰੁਪਏ ਹੋ ਗਿਆ ਹੈ। ਪਹਿਲਾਂ ਦਿੱਲੀ ਵਿੱਚ ਵਪਾਰਕ ਸਿਲੰਡਰ ਦੀ ਕੀਮਤ 1,693 ਰੁਪਏ ਸੀ। ਕੋਲਕਾਤਾ ਵਿੱਚ ਵੀ ਕਮਰਸ਼ੀਅਲ ਸਿਲੰਡਰ ਦੀ ਕੀਮਤ 1,770.5 ਰੁਪਏ ਤੋਂ ਵਧ ਕੇ 1,805.5 ਰੁਪਏ ਹੋ ਗਈ ਹੈ।
ਜੇਕਰ ਚੇਨਈ ਦੀ ਗੱਲ ਕਰੀਏ ਤਾਂ ਇੱਥੇ ਵਪਾਰਕ ਰਸੋਈ ਗੈਸ ਦੀਆਂ ਕੀਮਤਾਂ 1,831 ਰੁਪਏ ਤੋਂ ਵੱਧ ਕੇ 1,867.5 ਰੁਪਏ ਹੋ ਗਈਆਂ ਹਨ। ਵਪਾਰਕ ਰਸੋਈ ਗੈਸ ਸਿਲੰਡਰ ਮੁੰਬਈ ਵਿੱਚ 1,685 ਰੁਪਏ ਦੀ ਕੀਮਤ ਤੇ ਉਪਲਬਧ ਹਨ। ਹਾਲਾਂਕਿ, ਕੰਪਨੀਆਂ ਨੇ ਘਰੇਲੂ ਵਰਤੋਂ ਲਈ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਹੈ।
ਰਸੋਈ ਗੈਸ 'ਤੇ ਰਾਹਤ
ਇਸ ਤੋਂ ਪਹਿਲਾਂ 1 ਸਤੰਬਰ ਨੂੰ ਐਲਪੀਜੀ ਸਿਲੰਡਰ ਯਾਨੀ ਘਰੇਲੂ ਰਸੋਈ ਗੈਸ ਦੀ ਕੀਮਤ ਵਿੱਚ 25 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਵਾਧੇ ਤੋਂ ਬਾਅਦ ਦਿੱਲੀ ਵਿੱਚ 14.2 ਕਿਲੋ ਦੇ ਰਸੋਈ ਗੈਸ ਸਿਲੰਡਰ ਦੀ ਕੀਮਤ 884.50 ਰੁਪਏ ਹੋ ਗਈ। ਇਸ ਮਹੀਨੇ ਇਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਆਮ ਲੋਕਾਂ ਲਈ ਕੁਝ ਰਾਹਤ ਦੀ ਗੱਲ ਹੈ।
ਸੀਐਨਜੀ ਦੀ ਕੀਮਤ ਵਿੱਚ ਵਾਧੇ ਦੀ ਵੀ ਸੰਭਾਵਨਾ
ਇਸ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਸਰਕਾਰ ਨੇ ਕੁਦਰਤੀ ਗੈਸ ਦੀ ਕੀਮਤ ਵਿੱਚ 62 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ। ਕੁਦਰਤੀ ਗੈਸ ਦੀ ਵਰਤੋਂ ਖਾਦ, ਬਿਜਲੀ ਉਤਪਾਦਨ ਤੇ ਸੀਐਨਜੀ ਗੈਸ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਇਸ ਫੈਸਲੇ ਤੋਂ ਬਾਅਦ ਸੀਐਨਜੀ, ਪੀਐਨਜੀ ਤੇ ਖਾਦਾਂ ਦੀਆਂ ਕੀਮਤਾਂ ਵੀ ਵਧਣ ਦੀ ਉਮੀਦ ਹੈ।