Cyber fraud- “24 ਘੰਟਿਆਂ ਦੇ ਅੰਦਰ ਪੈਨ ਅੱਪਡੇਟ ਕਰੋ, ਨਹੀਂ ਤਾਂ ਖਾਤਾ ਬਲੌਕ ਕਰ ਦਿੱਤਾ ਜਾਵੇਗਾ” - ਇਹ ਮੈਸੇਜ ਅੱਜਕੱਲ੍ਹ ਹਜ਼ਾਰਾਂ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਹੈ। ਇਸ ਸੰਦੇਸ਼ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਇੰਡੀਆ ਪੋਸਟ ਪੇਮੈਂਟ ਬੈਂਕ (India Post Payment Bank) ਦੁਆਰਾ ਭੇਜਿਆ ਗਿਆ ਹੈ।
ਇਸ ਸੰਦੇਸ਼ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ PIB ਫੈਕਟ ਚੈਕ ਨੇ ਇਕ ਸਪੱਸ਼ਟੀਕਰਨ ਜਾਰੀ ਕੀਤਾ ਹੈ ਅਤੇ ਕਿਹਾ ਹੈ ਕਿ ਪੀਆਈਬੀ ਨੇ ਆਪਣੇ ਗਾਹਕਾਂ ਨੂੰ ਬੈਂਕ ਨਾਲ ਸਬੰਧਤ ਨਿੱਜੀ ਜਾਣਕਾਰੀ ਸਾਂਝੀ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ।
ਪੀਆਈਬੀ ਫੈਕਟ ਚੈੱਕ ਨੇ X (ਪਹਿਲਾਂ ਟਵਿੱਟਰ) ਉਤੇ ਆਪਣੀ ਪੋਸਟ ਵਿੱਚ ਪੁਸ਼ਟੀ ਕੀਤੀ ਹੈ ਕਿ ਇਹ ਇੱਕ ਫਰਜ਼ੀ ਸੰਦੇਸ਼ ਹੈ ਅਤੇ ਉਪਭੋਗਤਾਵਾਂ ਨੂੰ ਸੁਚੇਤ ਰਹਿਣ ਲਈ ਕਿਹਾ ਹੈ। ਇਸ ਪੋਸਟ ਵਿੱਚ PIB ਫੈਕਟ ਚੈੱਕ ਨੇ ਇੰਡੀਆ ਪੋਸਟ ਨੂੰ ਟੈਗ ਕੀਤਾ ਅਤੇ ਲਿਖਿਆ, “@IndiaPostOfficeਕਦੇ ਵੀ ਅਜਿਹਾ ਕੋਈ ਸੰਦੇਸ਼ ਨਹੀਂ ਭੇਜਦਾ। ਕਦੇ ਵੀ ਕਿਸੇ ਨਾਲ ਆਪਣੇ ਨਿੱਜੀ ਅਤੇ ਬੈਂਕ ਵੇਰਵੇ ਸਾਂਝੇ ਨਾ ਕਰੋ।”
ਲੋਕਾਂ ਨੂੰ ਭੇਜਿਆ ਜਾ ਰਿਹਾ ਹੈ ਇਹ ਸੰਦੇਸ਼
ਇਨ੍ਹੀਂ ਦਿਨੀਂ ਧੋਖੇਬਾਜ਼ ਲੋਕਾਂ ਨੂੰ ਉਨ੍ਹਾਂ ਦਾ ਖਾਤਾ ਬਲੌਕ ਹੋਣ ਦਾ ਡਰ ਦੇ ਕੇ ਠੱਗਣ ਦੀ ਕੋਸ਼ਿਸ਼ ਕਰ ਰਹੇ ਹਨ। ਜਾਣਕਾਰੀ ਮੁਤਾਬਕ ਇੰਡੀਆ ਪੋਸਟ ਦੇ ਨਾਂ ‘ਤੇ ਹਜ਼ਾਰਾਂ ਲੋਕਾਂ ਨੂੰ ਫਰਜ਼ੀ ਮੈਸੇਜ ਆ ਰਹੇ ਹਨ।
ਇਸ ਮੈਸੇਜ ‘ਚ ਲਿਖਿਆ ਗਿਆ ਹੈ ਕਿ ਤੁਸੀਂ ਆਪਣੇ ਪੈਨ ਕਾਰਡ ਨੂੰ ਇੰਡੀਆ ਪੋਸਟ ਪੇਮੈਂਟ ਬੈਂਕ ਖਾਤੇ ਨਾਲ ਜਲਦੀ ਹੀ ਅਪਡੇਟ ਕਰੋ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ, ਤਾਂ ਤੁਹਾਡਾ ਖਾਤਾ 24 ਘੰਟਿਆਂ ਦੇ ਅੰਦਰ ਬਲੌਕ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਮੈਸੇਜ ਵਿੱਚ ਇੱਕ ਲਿੰਕ ਵੀ ਦਿੱਤਾ ਗਿਆ ਹੈ।
ਫਰਜ਼ੀ ਮੈਸੇਜਾਂ ਦੀ ਪਛਾਣ ਕਿਵੇਂ ਕਰੀਏ
ਸਭ ਤੋਂ ਪਹਿਲਾਂ, ਇਹ ਜਾਣ ਲਓ ਕਿ ਭਾਰਤੀ ਡਾਕ ਵਿਭਾਗ ਜਾਂ ਬੈਂਕ ਤੁਹਾਨੂੰ ਪੈਨ ਨੂੰ ਅਪਡੇਟ ਕਰਨ ਜਾਂ ਖਾਤੇ ਦੀ ਕੋਈ ਜਾਣਕਾਰੀ ਅਪਡੇਟ ਕਰਨ ਲਈ ਕਦੇ ਵੀ ਵੈਬਸਾਈਟ ਜਾਂ ਲਿੰਕ ਨਹੀਂ ਭੇਜਦਾ ਹੈ। ਜੇਕਰ ਤੁਹਾਨੂੰ ਅਜਿਹਾ ਕੋਈ ਸੰਦੇਸ਼ ਮਿਲਦਾ ਹੈ ਤਾਂ ਸਮਝੋ ਕਿ ਇਹ ਇੱਕ ਧੋਖਾਧੜੀ ਵਾਲਾ ਮੈਸੇਜ ਹੈ।
ਜੇਕਰ ਤੁਹਾਨੂੰ ਅਜਿਹੇ ਮੈਸੇਜ ਪ੍ਰਾਪਤ ਹੁੰਦੇ ਹਨ, ਤਾਂ ਇਸ ਵਿੱਚ ਦਿੱਤੇ ਲਿੰਕ ਜਾਂ ਅਟੈਚਮੈਂਟ ‘ਤੇ ਕਦੇ ਵੀ ਕਲਿੱਕ ਨਾ ਕਰੋ। ਇਹ ਤੁਹਾਡੀ ਨਿੱਜੀ ਜਾਣਕਾਰੀ ਨੂੰ ਚੋਰੀ ਕਰਨ ਦੀਆਂ ਫਿਸ਼ਿੰਗ ਕੋਸ਼ਿਸ਼ਾਂ ਹੋ ਸਕਦੀਆਂ ਹਨ।
ਤੁਸੀਂ ਖੁਦ ਜਾਣਕਾਰੀ ਦੀ ਪੁਸ਼ਟੀ ਕਰ ਸਕਦੇ ਹੋ। ਜੇਕਰ ਤੁਹਾਨੂੰ ਕੋਈ ਮੈਸੇਜ ਮਿਲਦਾ ਹੈ ਜੋ ਕਿਸੇ ਜਾਇਜ਼ ਕੰਪਨੀ ਤੋਂ ਹੋਣ ਦਾ ਦਾਅਵਾ ਕਰਦਾ ਹੈ, ਤਾਂ ਜਾਣਕਾਰੀ ਦੀ ਪੁਸ਼ਟੀ ਕਰਨ ਲਈ ਉਹਨਾਂ ਦੀ ਅਧਿਕਾਰਤ ਵੈੱਬਸਾਈਟ ਜਾਂ ਫ਼ੋਨ ਨੰਬਰ ਰਾਹੀਂ ਸਿੱਧਾ ਸੰਪਰਕ ਕਰੋ।
SMS ਰਾਹੀਂ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਬਚੋ। ਕਿਸੇ ਟੈਕਸਟ ਮੈਸੇਜ ਦੇ ਜਵਾਬ ਵਿਚ ਕਦੇ ਵੀ ਨਿੱਜੀ ਜਾਣਕਾਰੀ ਪ੍ਰਦਾਨ ਨਾ ਕਰੋ, ਜਿਵੇਂ ਕਿ ਬੈਂਕ ਖਾਤਾ ਨੰਬਰ, ਕ੍ਰੈਡਿਟ ਕਾਰਡ ਜਾਣਕਾਰੀ ਜਾਂ ਪਾਸਵਰਡ। ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇੱਕ ਧੋਖਾਧੜੀ ਵਾਲਾ SMS ਪ੍ਰਾਪਤ ਹੋਇਆ ਹੈ, ਤਾਂ ਇਸਦੀ ਰਿਪੋਰਟ ਆਪਣੇ ਮੋਬਾਈਲ ਕੈਰੀਅਰ ਅਤੇ ਸਾਈਬਰ ਸੁਰੱਖਿਆ ਸੈੱਲ ਨੂੰ ਕਰੋ।