ਨਵੀਂ ਦਿੱਲੀ: 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤਹਿਤ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਵਿੱਚ ਵਾਧਾ ਹੋ ਸਕਦਾ ਹੈ। ਕਰਮਚਾਰੀਆਂ ਲਈ ਇਹ ਖੁਸ਼ਖਬਰੀ ਬਹੁਤ ਜਲਦ ਆ ਸਕਦੀ ਹੈ ਕਿਉਂਕਿ ਕੇਂਦਰ ਸਰਕਾਰ ਨੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ (DA) ਨੂੰ ਲੈ ਕੇ ਫੈਸਲਾ ਕਰ ਲਿਆ ਹੈ। ਅਗਲੇ ਸਾਲ ਜੂਨ ਮਗਰੋਂ ਮਹਿੰਗਾਈ ਭੱਤੇ ਵਿੱਚ ਵਾਧੇ ਦੀ ਉਮੀਦ ਕੀਤੀ ਜਾ ਸਕਦੀ ਹੈ। ਜੁਲਾਈ ਵਿੱਚ ਇਸ ਦੇ ਚਾਰ ਫੀਸਦ ਤੱਕ ਵਧਣ ਦੀ ਉਮੀਦ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਜੇ ਮਹਿੰਗਾਈ ਭੱਤਾ ਚਾਰ ਫੀਸਦ ਦੇ ਹਿਸਾਬ ਨਾਲ ਵਧਾਇਆ ਜਾਂਦਾ ਹੈ ਤਾਂ ਇਸ ਨਾਲ ਸਿੱਧਾ ਤੌਰ ਤੇ ਕਰੀਬ 50 ਲੱਖ ਕੇਂਦਰੀ ਕਰਮਚਾਰੀਆਂ ਤੇ 61 ਲੱਖ ਪੈਂਸ਼ਨਰਾਂ ਨੂੰ ਫਾਇਦਾ ਹੋਏਗਾ। ਮੌਜੂਦਾ ਸਮੇਂ ਸਰਕਾਰ ਨੇ ਕੋਰੋਨਾ ਮਹਾਮਾਰੀ ਕਾਰਨ 2021 ਜੂਨ ਤੱਕ ਮਹਿੰਗਾਈ ਭੱਤੇ ਦੇ ਵਾਧਾ ਤੇ ਰੋਕ ਲਾਈ ਹੈ। ਕਰਮਚਾਰੀਆਂ ਨੂੰ ਪਿਛਲੀ ਦਰ ਦੇ ਹਿਸਾਬ ਨਾਲ 17 ਫੀਸਦ DA ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਇਸ ਦਾ ਮਤਲਬ ਇਹ ਹੈ ਕਿ ਜੇਕਰ 4 ਫੀਸਦ ਦਾ ਵਾਧਾ ਹੁੰਦਾ ਹੈ ਤਾਂ ਇਹ ਦਰ 21 ਫੀਸਦੀ ਹੋ ਜਾਏਗੀ।

ਦੱਸ ਦੇਈਏ ਕਿ ਸਰਕਾਰ ਨੇ 2020 ਮਾਰਚ 'ਚ DA ਵਿੱਚ 4 ਫੀਸਦ ਦੇ ਵਾਧੇ ਦਾ ਐਲਾਨ ਕੀਤਾ ਸੀ ਪਰ ਐਪ੍ਰਲ ਵਿੱਚ ਸਰਕਾਰ ਨੇ ਕੋਰੋਨਾ ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਇਸ ਨੂੰ ਜੂਨ 2021 ਤੋਂ ਲਾਗੂ ਕਰਨ ਬਾਰੇ ਕਿਹਾ ਸੀ।