Buying Gold with Credit Card: ਸੋਮਵਾਰ, 30 ਜੂਨ, 2025 ਨੂੰ, 24 ਕੈਰੇਟ ਸੋਨੇ ਦੀ ਕੀਮਤ 97,583 ਰੁਪਏ ਪ੍ਰਤੀ 10 ਗ੍ਰਾਮ ਹੈ। ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 89,463 ਰੁਪਏ ਹੈ। ਪਿਛਲੇ ਕੁਝ ਸਾਲਾਂ ਵਿੱਚ, ਭੂ-ਰਾਜਨੀਤਿਕ ਤਣਾਅ ਅਤੇ ਬਾਜ਼ਾਰ ਵਿੱਚ ਅਸਥਿਰਤਾ ਦੇ ਵਿਚਕਾਰ ਸੋਨੇ 'ਤੇ ਨਿਵੇਸ਼ ਤੇਜ਼ੀ ਨਾਲ ਵਧਿਆ ਹੈ। ਵੈਸੇ ਵੀ, ਭਾਰਤੀ ਲੋਕ ਸੋਨਾ ਖਰੀਦਣਾ ਪਸੰਦ ਕਰਦੇ ਹਨ। ਲੋਕ ਅਕਸਰ ਸੋਨਾ ਖਰੀਦਣ ਲਈ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਦੇ ਹਨ। ਇਸ ਦੇ ਕੁਝ ਫਾਇਦੇ ਹੋਣ ਦੇ ਨਾਲ-ਨਾਲ ਕੁਝ ਨੁਕਸਾਨ ਵੀ ਹਨ, ਇਸ ਕਰਕੇ ਕਾਰਡ ਸਵਾਈਪ ਕਰਨ ਵੇਲੇ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ।
ਦ ਮਿੰਟ ਦੀ ਰਿਪੋਰਟ ਦੇ ਮੁਤਾਬਕ FPA Edutech ਦੇ ਡਾਇਰੈਕਟਰ CA ਪ੍ਰਨੀਤ ਜੈਨ ਦਾ ਕਹਿਣਾ ਹੈ, "ਕ੍ਰੈਡਿਟ ਕਾਰਡ ਉਨ੍ਹਾਂ ਲਈ ਹੈ, ਜਿਹੜੇ ਬਹੁਤ ਅਨੁਸ਼ਾਸਿਤ ਹਨ ਅਤੇ ਸਮੇਂ ਸਿਰ ਭੁਗਤਾਨ ਕਰ ਦਿੰਦੇ ਹਨ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਜਾਂ ਕਰ ਸਕਦੇ, ਤਾਂ ਲੇਟ ਪੇਮੈਂਟ ਫੀਸ, ਜੀਐਸਟੀ ਅਤੇ ਹੋਰ ਖਰਚਿਆਂ ਦੇ ਨਾਲ-ਨਾਲ 36-42 ਪ੍ਰਤੀਸ਼ਤ ਦੇ ਸਾਲਾਨਾ ਵਿਆਜ ਲਈ ਤਿਆਰ ਰਹੋ। ਕ੍ਰੈਡਿਟ ਕਾਰਡ ਦੀ ਵਰਤੋਂ ਕਰਨ ਨਾਲ ਰਿਵਾਰਡ ਪੁਆਇੰਟ ਜ਼ਰੂਰ ਜੁੜਦੇ ਹਨ, ਪਰ ਸਮੇਂ ਸਿਰ ਭੁਗਤਾਨ ਨਾ ਕਰਨ ਨਾਲ 24 ਕੈਰੇਟ ਦਾ ਪਛਤਾਵਾ ਵੀ ਹੋ ਸਕਦਾ ਹੈ, ਇਸ ਲਈ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਕੇ ਨਿਵੇਸ਼ ਕਰਨ ਤੋਂ ਬਚੋ।"
ਕ੍ਰੈਡਿਟ ਕਾਰਡ ਤੋਂ ਸੋਨਾ ਖਰੀਦਣ ਦੇ ਫਾਇਦੇ
ਕ੍ਰੈਡਿਟ ਕਾਰਡ ਤੋਂ ਸੋਨਾ ਖਰੀਦਣ 'ਤੇ ਰਿਵਾਰਡ ਪੁਆਇੰਟ ਜਾਂ ਕੈਸ਼ਬੈਕ ਮਿਲਦਾ ਹੈ। ਜੋਇਆ, ਤਨਿਸ਼ਕ ਅਤੇ ਰਿਲਾਇੰਸ ਜਵੇਲਜ਼ ਵਰਗੇ ਬ੍ਰਾਂਡ ਕ੍ਰੈਡਿਟ ਕਾਰਡਾਂ ਨਾਲ ਕੀਤੀ ਗਈ ਸੋਨੇ ਦੀ ਖਰੀਦਦਾਰੀ 'ਤੇ 5% ਤੱਕ ਕੈਸ਼ਬੈਕ ਅਤੇ ਰਿਵਾਰਡ ਪੁਆਇੰਟ ਦਿੰਦੇ ਹਨ। ਟਾਈਟਨ ਐਸਬੀਆਈ ਕ੍ਰੈਡਿਟ ਕਾਰਡ ਤਨਿਸ਼ਕ ਤੋਂ ਸੋਨੇ ਦੀ ਖਰੀਦਦਾਰੀ 'ਤੇ 3% ਤੱਕ ਵੈਲਯੂ ਬੈਕ ਅਤੇ ਹੋਰ ਚੋਣਵੇਂ ਗਹਿਣਿਆਂ ਦੇ ਬ੍ਰਾਂਡਾਂ 'ਤੇ 5% ਤੱਕ ਕੈਸ਼ਬੈਕ ਦੀ ਪੇਸ਼ਕਸ਼ ਕਰਦਾ ਹੈ। ਸਟੈਂਡਰਡ ਚਾਰਟਰਡ ਅਲਟੀਮੇਟ ਕ੍ਰੈਡਿਟ ਕਾਰਡ ਅਤੇ HDFC ਰੇਗਾਲੀਆ ਗੋਲਡ ਕ੍ਰੈਡਿਟ ਕਾਰਡ ਵੀ ਸੋਨੇ ਦੀ ਖਰੀਦਦਾਰੀ 'ਤੇ ਰਿਵਾਰਡ ਪੁਆਇੰਟ ਦੀ ਪੇਸ਼ਕਸ਼ ਕਰਦੇ ਹਨ।
ਕ੍ਰੈਡਿਟ ਕਾਰਡ ਤੋਂ ਸੋਨਾ ਖਰੀਦਣ ਦੇ ਨੁਕਸਾਨ
ਕ੍ਰੈਡਿਟ ਕਾਰਡ ਤੋਂ ਸੋਨਾ ਖਰੀਦਣ ਦਾ ਸਭ ਤੋਂ ਵੱਡਾ ਨੁਕਸਾਨ ਇਸ 'ਤੇ ਲਈ ਜਾਣ ਵਾਲੀ ਪ੍ਰੋਸੈਸਿੰਗ ਫੀਸ ਹੈ। ਇਸ ਨੂੰ ਸਵਾਈਪ ਫੀਸ ਵੀ ਕਿਹਾ ਜਾਂਦਾ ਹੈ। ਤੁਹਾਡੇ ਤੋਂ ਹਰ ਲੈਣ-ਦੇਣ 'ਤੇ 3.5 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਪ੍ਰੋਸੈਸਿੰਗ ਫੀਸ ਲਈ ਜਾ ਸਕਦੀ ਹੈ।
ਸੋਨੇ ਦੀਆਂ ਕੀਮਤਾਂ ਪਹਿਲਾਂ ਹੀ ਅਸਮਾਨ ਛੂਹ ਰਹੀਆਂ ਹਨ, ਜੇਕਰ ਇਸ ਦੇ ਉੱਤੇ ਇੱਕ ਵੱਡੀ ਪ੍ਰੋਸੈਸਿੰਗ ਫੀਸ ਅਦਾ ਕਰਨੀ ਪਵੇ, ਤਾਂ ਇਹ ਗਾਹਕਾਂ 'ਤੇ ਹੋਰ ਦਬਾਅ ਵਧਾ ਸਕਦਾ ਹੈ। ਇੰਟਰਨੈਸ਼ਨਲ ਗੋਲਡ ਸੇਲਰਸ ਤੋਂ ਸੋਨਾ ਖਰੀਦਣ 'ਤੇ ਵਿਦੇਸ਼ੀ ਲੈਣ-ਦੇਣ ਦੀ ਫੀਸ ਅਦਾ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ, ਕ੍ਰੈਡਿਟ ਕਾਰਡ ਨਾਲ ਸੋਨਾ ਖਰੀਦਣ ਤੋਂ ਪਹਿਲਾਂ, ਉਸ ਕੰਪਨੀ ਦੀਆਂ ਨਵੇਂ ਆਫਰਸ, ਕੰਡੀਸ਼ਨਸ ਆਦਿ ਬਾਰੇ ਪੂਰੀ ਜਾਣਕਾਰੀ ਲਵੋ, ਜਿਥੋਂ ਤੁਸੀਂ ਕਾਰਡ ਲਿਆ ਹੈ।