ਨਵੀਂ ਦਿੱਲੀ : ਫੂਡ ਡਿਲੀਵਰੀ ਕੰਪਨੀ ਜ਼ੋਮੈਟੋ (Zomato ) ਵੀ ਹੁਣ ਸ਼ੇਅਰ ਬਾਜ਼ਾਰ 'ਚ ਪੇਟੀਐੱਮ (Paytm ) ਦਾ ਰਾਹ ਫੜ ਚੁੱਕੀ ਹੈ। ਮੰਗਲਵਾਰ ਨੂੰ ਕੁਝ ਰਿਕਵਰੀ ਤੋਂ ਬਾਅਦ ਅੱਜ ਫਿਰ ਜ਼ੋਮੈਟੋ ਸਟਾਕ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ। ਵੀਰਵਾਰ ਦੇ ਕਾਰੋਬਾਰ 'ਚ ਇਹ ਸਟਾਕ ਫਿਰ 10 ਫੀਸਦੀ ਤੱਕ ਹੇਠਾਂ ਆ ਗਿਆ।
ਅੱਜ Zomato ਦੇ ਸ਼ੇਅਰ BSE 'ਤੇ 9.95 ਫੀਸਦੀ ਦੀ ਗਿਰਾਵਟ ਨਾਲ 90.50 ਰੁਪਏ 'ਤੇ ਬੰਦ ਹੋਏ। ਇਹ ਇਸ ਸਟਾਕ ਦੇ ਆਲ ਟਾਈਮ ਹਾਈ ਤੋਂ ਲਗਭਗ 50 ਫੀਸਦੀ ਘੱਟ ਹੈ। ਇਸ ਦਾ ਮਤਲਬ ਹੈ ਕਿ ਜ਼ੋਮੈਟੋ 'ਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੇ ਹੁਣ ਤੱਕ ਉੱਚ ਪੱਧਰ ਤੋਂ ਅੱਧਾ ਪੈਸਾ ਗੁਆ ਦਿੱਤਾ ਹੈ। ਕੰਪਨੀ ਦਾ ਐੱਮ-ਕੈਪ ਇਕ ਵਾਰ 1 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਸੀ, ਜੋ ਹੁਣ ਘਟ ਕੇ 71,196 ਕਰੋੜ ਰੁਪਏ ਰਹਿ ਗਿਆ ਹੈ। Zomato ਦੇ ਸਟਾਕ 'ਚ ਪਿਛਲੇ ਹਫਤੇ ਤੋਂ ਲਗਾਤਾਰ ਗਿਰਾਵਟ ਆ ਰਹੀ ਹੈ। ਇਹ ਸਟਾਕ 7 ਵਿੱਚੋਂ 6 ਵਪਾਰਕ ਸੈਸ਼ਨਾਂ ਵਿੱਚ ਘਾਟੇ ਵਿੱਚ ਰਿਹਾ ਹੈ।
ਕੰਪਨੀ ਦੇ ਸੰਸਥਾਪਕ ਨੇ ਹਾਲ ਹੀ 'ਚ ਲਗਾਤਾਰ ਗਿਰਾਵਟ ਬਾਰੇ ਕਿਹਾ ਸੀ ਕਿ ਉਹ ਇਸ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਨੇ ਕੰਪਨੀ ਦੇ ਕਰਮਚਾਰੀਆਂ ਨੂੰ ਲਿਖੀ ਚਿੱਠੀ 'ਚ ਕਿਹਾ, ਮੈਂ ਤੁਹਾਨੂੰ ਇਕ ਰਾਜ਼ ਦੱਸਣਾ ਚਾਹੁੰਦਾ ਹਾਂ। ਮੈਂ ਕਾਫੀ ਦੇਰ ਤੋਂ ਬਾਜ਼ਾਰ ਦੇ ਡਿੱਗਣ ਦੀ ਉਡੀਕ ਕਰ ਰਿਹਾ ਸੀ। ਜਦੋਂ ਬਾਜ਼ਾਰ ਡਿੱਗਦਾ ਹੈ, ਫੰਡ ਹਰ ਪਾਸੇ ਖਤਮ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿਚ ਸਿਰਫ ਉਹੀ ਕੰਪਨੀ ਬਚ ਸਕਦੀ ਹੈ, ਜਿਸ ਕੋਲ ਚੰਗੇ ਕਰਮਚਾਰੀ ਹੋਣ ਅਤੇ ਉਹ ਆਪਣੀ ਕੰਪਨੀ ਨੂੰ ਸਿਖਰ 'ਤੇ ਰੱਖਣ ਲਈ ਲਗਾਤਾਰ ਕੰਮ ਕਰਦੇ ਰਹਿੰਦੇ ਹਨ।
ਨਵੀਂਆਂ ਤਕਨੀਕੀ ਕੰਪਨੀਆਂ ਸਟਾਕ ਮਾਰਕੀਟ ਵਿੱਚ ਲਗਾਤਾਰ ਮਾੜਾ ਪ੍ਰਦਰਸ਼ਨ ਕਰ ਰਹੀਆਂ ਹਨ। ਨਾ ਸਿਰਫ Zomato ਅਤੇ Paytm ਬਲਕਿ Nykaa, Policy Bazaar, Cartrade Tech ਵਰਗੀਆਂ ਸਟਾਰਟਅੱਪ ਕੰਪਨੀਆਂ ਦੇ ਸਟਾਕ ਵਿੱਚ ਵੀ ਪਿਛਲੇ ਸਮੇਂ ਵਿੱਚ ਵੱਡੀ ਗਿਰਾਵਟ ਦੇਖੀ ਗਈ ਹੈ। ਹਾਲਾਂਕਿ ਇਸ ਤੋਂ ਬਾਅਦ ਵੀ ਨਵੇਂ ਆਈਪੀਓ ਦੀ ਕਤਾਰ ਲੰਬੀ ਹੈ। ਆਉਣ ਵਾਲੇ ਸਮੇਂ 'ਚ ਓਲਾ, ਓਯੋ ਸਮੇਤ ਕਈ ਸਟਾਰਟਅੱਪ ਕੰਪਨੀਆਂ ਦੇ ਆਈਪੀਓ ਆਉਣ ਵਾਲੇ ਹਨ।