ਨਵੀਂ ਦਿੱਲੀ: ਦੁਰਲੱਭ ਪੁਰਾਣੇ ਨੋਟਾਂ ਤੇ ਸਿੱਕਿਆਂ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ। ਜਿੰਨੇ ਜ਼ਿਆਦਾ ਉਹ ਪੁਰਾਣੇ ਹੁੰਦੇ ਹਨ, ਉਨ੍ਹਾਂ ਦੀ ਕੀਮਤ ਵਧਦੀ ਜਾਂਦੀ ਹੈ। ਭਾਰਤ ਵਿੱਚ ਪੁਰਾਣੇ ਨੋਟ ਤੇ ਸਿੱਕੇ ਵੇਚਣ ਤੇ ਖਰੀਦਣ ਵਾਲੇ ਬਹੁਤ ਸਾਰੇ ਲੋਕ ਹਨ ਪਰ ਹੁਣ ਇਨ੍ਹਾਂ ਦੀ ਪ੍ਰਦਰਸ਼ਨੀ ਵੀ ਲੱਗਣ ਲੱਗੀ ਹੈ। ਅਜਿਹੇ ਸਿੱਕਿਆਂ ਤੇ ਨੋਟਾਂ ਦੀ ਬੋਲੀ ਵੀ ਲਾਈ ਜਾਂਦੀ ਹੈ। ਹੁਣ ਇੱਕ ਵਿਦੇਸ਼ੀ ਪੁਰਾਣਾ ਨੋਟ ਵਿਕਿਆ ਹੈ, ਜੋ 1.3 ਕਰੋੜ ਰੁਪਏ ਵਿੱਚ ਖਰੀਦਿਆ ਗਿਆ ਹੈ। ਆਓ ਜਾਣਦੇ ਹਾਂ ਇਸ ਨੋਟ ਤੇ ਵਿਕਰੀ ਦੇ ਹੋਰ ਵੇਰਵੇ।
ਇੱਕ ਚੈਰਿਟੀ ਸ਼ਾਪ ਵਿੱਚ ਮਿਲੇ ਇੱਕ ਬੈਂਕ ਨੋਟ ਨੂੰ ਹਾਲ ਹੀ ਵਿੱਚ £140,000 (1.3 ਕਰੋੜ ਰੁਪਏ) ਵਿੱਚ ਔਨਲਾਈਨ ਨਿਲਾਮ ਕੀਤਾ ਗਿਆ ਸੀ। ਇਹ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ 'ਚ ਯੂਜ਼ਰਸ ਦਾ ਦਾਅਵਾ ਹੈ ਕਿ ਇਹ ਦੁਰਲੱਭ ਕਰੰਸੀ ਨੋਟ ਇਸ ਦੀ ਅਸਲ ਕੀਮਤ ਤੋਂ ਲਗਪਗ 1,400 ਗੁਣਾ ਜ਼ਿਆਦਾ ਵੇਚਿਆ ਗਿਆ।
ਦ ਇੰਡੀਪੈਂਡੈਂਟ ਅਨੁਸਾਰ 100 ਫਲਸਤੀਨ ਪੌਂਡ ਨੂੰ ਆਕਸਫੈਮ ਵਲੰਟੀਅਰ ਪਾਲ ਵਾਈਮੈਨ ਨੇ ਓਦੋਂ ਲੱਭਿਆ, ਜਦੋਂ ਉਹ ਐਸੈਕਸ ਵਿੱਚ ਚੈਰਿਟੀ ਦੀ ਬ੍ਰੈਂਟਵੁੱਡ ਬ੍ਰਾਂਚ ਵਿੱਚ ਕੰਮ ਕਰਦੇ ਸਨ। 1927 ਵਿੱਚ ਫਲਸਤੀਨ ਵਿੱਚ ਬ੍ਰਿਟਿਸ਼ ਆਦੇਸ਼ ਦੇ ਦੌਰਾਨ ਉੱਚ-ਦਰਜੇ ਦੇ ਅਧਿਕਾਰੀਆਂ ਨੂੰ 100 ਫਲਸਤੀਨ ਪੌਂਡ ਦਾ ਨੋਟ ਜਾਰੀ ਕੀਤਾ ਗਿਆ ਸੀ।
ਪੌਲ, ਜਿਸ ਨੇ ਨੋਟ ਦੇਖਿਆ, ਨੇ ਇਸ ਨੂੰ ਅਲਮਾਰੀਆਂ 'ਚ ਨਾ ਰੱਖਣ ਦਾ ਫੈਸਲਾ ਕੀਤਾ ਤੇ ਇਸ ਦੀ ਬਜਾਏ ਇੱਕ ਨਿਲਾਮੀ ਘਰ ਬੁਲਾਇਆ। ਉਨ੍ਹਾਂ ਨੇ ਇਸ ਦੀ ਕੀਮਤ 30,000 ਪੌਂਡ ਲਗਾਈ ਪਰ ਜਦੋਂ ਇਸ ਨੂੰ ਲੰਡਨ ਦੇ ਸਪਿੰਕ ਆਕਸ਼ਨ ਹਾਊਸ ਵਿੱਚ ਵੇਚਿਆ ਗਿਆ ਤਾਂ ਇਹ 140,000 ਪੌਂਡ ਵਿੱਚ ਵੇਚਿਆ ਗਿਆ। ਇਹ ਰਕਮ ਆਕਸਫੈਮ ਦੇ ਚੈਰੀਟੇਬਲ ਕੰਮਾਂ ਲਈ ਜਾਵੇਗੀ। ਇਹ ਜਾਣਕਾਰੀ ਦਿ ਇੰਡੀਪੈਂਡੈਂਟ ਵਿੱਚ ਦਿੱਤੀ ਗਈ ਹੈ।
ਸਪਿੰਕ ਦੇ ਬੈਂਕਨੋਟ ਮਾਹਰ ਐਲਨ ਫੰਗ ਅਨੁਸਾਰ ਇਹਨਾਂ ਵਿੱਚੋਂ ਦਸ ਤੋਂ ਘੱਟ ਬੈਂਕ ਨੋਟ ਮੌਜੂਦ ਹਨ। ਆਕਸਫੈਮ ਰਿਟੇਲ ਡਾਇਰੈਕਟਰ ਲੋਰਨਾ ਫਾਲੋਨ ਨੇ ਕਿਹਾ, “ਅਸੀਂ ਬੈਂਕ ਨੋਟ ਨੂੰ ਲੱਭਣ ਲਈ ਪਾਲ ਅਤੇ ਬ੍ਰੈਂਟਵੁੱਡ ਸਟੋਰ ਦੇ ਅਮਲੇ ਦੇ ਨਾਲ-ਨਾਲ ਉਸ ਦਿਆਲੂ ਵਿਅਕਤੀ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਸਾਨੂੰ ਇਸ ਵਿੱਚ ਯੋਗਦਾਨ ਦਿੱਤਾ। ਸਾਨੂੰ ਖੁਸ਼ੀ ਹੈ ਕਿ ਬੈਂਕ ਨੋਟ ਨੇ ਔਕਸਫੈਮ ਦੇ ਗਲੋਬਲ ਮਿਸ਼ਨ ਲਈ ਇੰਨਾ ਪੈਸਾ ਕਮਾਇਆ ਹੈ ਜਿਸ ਵਿੱਚ ਪੂਰਬੀ ਅਫਰੀਕਾ ਵਿੱਚ ਅਕਾਲ ਪੀੜਤਾਂ ਤੇ ਯੂਕਰੇਨ ਦੇ ਸ਼ਰਨਾਰਥੀਆਂ ਦੀ ਸਹਾਇਤਾ ਕਰਨਾ ਸ਼ਾਮਲ ਹੈ।