Money Rules Changed from 1 November 2023: ਅੱਜ ਤੋਂ ਨਵਾਂ ਮਹੀਨਾ ਸ਼ੁਰੂ ਹੋ ਗਿਆ ਹੈ। ਨਵੰਬਰ ਦੀ ਸ਼ੁਰੂਆਤ ਦੇ ਨਾਲ ਹੀ ਪੈਸੇ ਨਾਲ ਜੁੜੇ ਕਈ ਨਿਯਮਾਂ 'ਚ ਬਦਲਾਅ ਕੀਤੇ ਗਏ ਹਨ, ਜਿਸ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ 'ਤੇ ਪਵੇਗਾ। ਭਾਰਤ ਵਿੱਚ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ। ਅਜਿਹੇ 'ਚ ਸਰਕਾਰ ਦੇ ਇਨ੍ਹਾਂ ਫੈਸਲਿਆਂ ਦਾ ਸਿੱਧਾ ਅਸਰ ਲੋਕਾਂ ਦੇ ਘਰੇਲੂ ਬਜਟ 'ਤੇ ਪੈਣ ਵਾਲਾ ਹੈ। ਆਓ ਜਾਣਦੇ ਹਾਂ ਅੱਜ ਤੋਂ ਕਿਹੜੇ ਵਿੱਤੀ ਨਿਯਮ ਬਦਲੇ ਹਨ।


1. ਐਲਪੀਜੀ ਸਿਲੰਡਰ ਦੀਆਂ ਵਧੀਆਂ ਕੀਮਤਾਂ 


ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਹੀ ਲੋਕ ਮਹਿੰਗਾਈ ਦੀ ਮਾਰ ਹੇਠ ਆ ਗਏ ਹਨ। ਅੱਜ ਤੋਂ ਦੇਸ਼ 'ਚ 19 ਕਿਲੋ ਦੇ ਕਮਰਸ਼ੀਅਲ ਸਿਲੰਡਰ ਦੀ ਕੀਮਤ 'ਚ 100 ਰੁਪਏ ਤੋਂ ਜ਼ਿਆਦਾ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਅਸਰ ਖਾਸ ਤੌਰ 'ਤੇ ਰੈਸਟੋਰੈਂਟਾਂ ਅਤੇ ਹੋਟਲਾਂ 'ਤੇ ਪੈ ਰਿਹਾ ਹੈ, ਜਿਸ ਨਾਲ ਤਿਉਹਾਰਾਂ ਦੇ ਸੀਜ਼ਨ ਦੌਰਾਨ ਬਾਹਰੀ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ 'ਤੇ ਅਸਰ ਪਵੇਗਾ। ਇਸ ਫੈਸਲੇ ਤੋਂ ਬਾਅਦ ਵਪਾਰਕ ਐਲਪੀਜੀ ਸਿਲੰਡਰ 101.50 ਰੁਪਏ ਮਹਿੰਗਾ ਹੋ ਗਿਆ ਹੈ ਅਤੇ ਰਾਜਧਾਨੀ ਦਿੱਲੀ ਵਿੱਚ 1833 ਰੁਪਏ ਵਿੱਚ ਉਪਲਬਧ ਹੈ।


2. ਬੀਐਸਈ ਨੇ ਇਕੁਇਟੀ ਡੈਰੀਵੇਟਿਵਜ਼ ਹਿੱਸੇ ਵਿੱਚ ਟ੍ਰਾਂਜੈਕਸ਼ਨ ਫੀਸਾਂ ਵਿੱਚ ਕੀਤਾ ਹੈ  ਵਾਧਾ


BSE ਯਾਨੀ ਬੰਬਈ ਸਟਾਕ ਐਕਸਚੇਂਜ ਨੇ 20 ਅਕਤੂਬਰ ਨੂੰ ਘੋਸ਼ਣਾ ਕੀਤੀ ਸੀ ਕਿ ਇਕੁਇਟੀ ਡੈਰੀਵੇਟਿਵਜ਼ ਹਿੱਸੇ 'ਤੇ ਟ੍ਰਾਂਜੈਕਸ਼ਨ ਫੀਸ ਵਧਾਈ ਜਾ ਰਹੀ ਹੈ। ਇਹ ਫੀਸ S&P BSE ਸੈਂਸੈਕਸ ਦੇ ਵਿਕਲਪਾਂ 'ਤੇ ਲਗਾਈ ਜਾ ਰਹੀ ਹੈ, ਜਿਸ ਦਾ ਸਿੱਧਾ ਅਸਰ ਪ੍ਰਚੂਨ ਨਿਵੇਸ਼ਕਾਂ 'ਤੇ ਪੈ ਰਿਹਾ ਹੈ।


3. ਛੁੱਟੀਆਂ ਨਾਲ ਭਰੇ ਰਹਿਣਗੇ ਬੈਂਕ 


ਤਿਉਹਾਰੀ ਸੀਜ਼ਨ ਕਾਰਨ ਇਸ ਮਹੀਨੇ ਬੈਂਕਾਂ 'ਚ ਕਾਫੀ ਛੁੱਟੀਆਂ ਹੋਣਗੀਆਂ। ਧਨਤੇਰਸ, ਦੀਵਾਲੀ, ਭਾਈ ਦੂਜ, ਛਠ ਆਦਿ ਤਿਉਹਾਰਾਂ ਕਾਰਨ ਬੈਂਕਾਂ ਵਿੱਚ ਕੁੱਲ 15 ਦਿਨਾਂ ਦੀ ਛੁੱਟੀ ਰਹੇਗੀ। ਇਸ ਵਿੱਚ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਵੀ ਸ਼ਾਮਲ ਹਨ। ਅਜਿਹੇ 'ਚ ਜੇਕਰ ਤੁਹਾਨੂੰ ਬੈਂਕਾਂ ਨਾਲ ਜੁੜਿਆ ਕੋਈ ਕੰਮ ਪੂਰਾ ਕਰਨਾ ਹੈ ਤਾਂ ਛੁੱਟੀਆਂ ਦੀ ਲਿਸਟ ਦੇਖ ਕੇ ਹੀ ਘਰੋਂ ਨਿਕਲੋ।



4. ਜੀਐਸਟੀ ਨਿਯਮਾਂ ਵਿੱਚ ਬਦਲਾਅ


ਹੁਣ 100 ਕਰੋੜ ਰੁਪਏ ਤੋਂ ਵੱਧ ਦੀ ਟਰਨਓਵਰ ਵਾਲੇ ਕਾਰੋਬਾਰਾਂ ਨੂੰ 1 ਨਵੰਬਰ, 2023 ਤੋਂ ਇੱਕ ਮਹੀਨੇ ਦੇ ਅੰਦਰ ਭਾਵ 30 ਦਿਨਾਂ ਦੇ ਅੰਦਰ ਈ-ਵਾਇਸ ਪੋਰਟਲ 'ਤੇ ਜੀਐਸਟੀ ਇਨਵੌਇਸ ਅਪਲੋਡ ਕਰਨੇ ਪੈਣਗੇ। ਜੀਐਸਟੀ ਅਥਾਰਟੀ ਨੇ ਸਤੰਬਰ ਵਿੱਚ ਇਹ ਫੈਸਲਾ ਲਿਆ ਸੀ।


5. ਲੈਪਟਾਪ ਆਯਾਤ ਦੀ ਆਖਰੀ ਮਿਤੀ


ਮੋਦੀ ਸਰਕਾਰ ਨੇ 31 ਅਕਤੂਬਰ 2023 ਤੱਕ HSN 8741 ਸ਼੍ਰੇਣੀ ਦੇ ਤਹਿਤ ਲੈਪਟਾਪ, ਨਿੱਜੀ ਕੰਪਿਊਟਰ ਅਤੇ ਹੋਰ ਇਲੈਕਟ੍ਰਾਨਿਕ ਵਸਤੂਆਂ ਦੇ ਆਯਾਤ 'ਤੇ ਛੋਟ ਦਿੱਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਸਰਕਾਰ ਨੇ ਇਸ 'ਤੇ ਕੋਈ ਫੈਸਲਾ ਨਹੀਂ ਲਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਇਸ 'ਤੇ ਅੱਜ ਕੋਈ ਫੈਸਲਾ ਲੈ ਸਕਦੀ ਹੈ।


6. ATF ਹੋ ਸਕਦੈ  ਸਸਤਾ 


ਤਿਉਹਾਰੀ ਸੀਜ਼ਨ ਤੋਂ ਪਹਿਲਾਂ ਜੈਟ ਫਿਊਲ (ਏ.ਟੀ.ਐੱਫ.) ਦੀ ਕੀਮਤ ਘਟਾਈ ਗਈ ਹੈ। ਰਾਜਧਾਨੀ ਦਿੱਲੀ 'ਚ ATF ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 6,854.25 ਰੁਪਏ ਪ੍ਰਤੀ ਕਿਲੋਲੀਟਰ ਸਸਤਾ ਹੈ ਅਤੇ 1,11,344.92 ਰੁਪਏ ਪ੍ਰਤੀ ਕਿਲੋਲੀਟਰ 'ਤੇ ਉਪਲਬਧ ਹੈ। ਇਹ ਮੁੰਬਈ 'ਚ 1,19,884.45 ਰੁਪਏ ਪ੍ਰਤੀ ਕਿਲੋਲੀਟਰ, ਕੋਲਕਾਤਾ 'ਚ 1,04,121.89 ਰੁਪਏ ਪ੍ਰਤੀ ਕਿਲੋਲੀਟਰ ਅਤੇ ਚੇਨਈ 'ਚ 1,15,378.97 ਰੁਪਏ ਪ੍ਰਤੀ ਕਿਲੋਲੀਟਰ 'ਤੇ ਉਪਲਬਧ ਹੈ।