Wedding Insurance: ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਭਾਰਤ ਸਮੇਤ ਪੂਰੀ ਦੁਨੀਆਂ 'ਚ ਵਿਆਹ ਦੇ ਤਰੀਕਿਆਂ 'ਚ ਕਾਫੀ ਬਦਲਾਅ ਆਇਆ ਹੈ। ਬਹੁਤ ਸਾਰੇ ਲੋਕਾਂ ਨੇ ਭਾਰਤ 'ਚ ਦੂਜੀ ਤੇ ਤੀਜੀ ਲਹਿਰ ਦੌਰਾਨ ਆਪਣੇ ਵਿਆਹ ਕੈਂਸਲ ਕਰ ਦਿੱਤੇ। ਵਿਆਹ ਤੋਂ ਠੀਕ ਪਹਿਲਾਂ ਅਜਿਹੇ ਫ਼ੈਸਲੇ ਕਾਰਨ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।

ਅਜਿਹੇ 'ਚ ਲੋਕਾਂ ਦੀ ਮਦਦ ਕਰਨ ਤੇ ਅਜਿਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਬੀਮਾ ਕੰਪਨੀਆਂ ਨੇ ਵਿਆਹ ਦਾ ਬੀਮਾ ਮਤਲਬ Wedding Insurance ਸਹੂਲਤ ਸ਼ੁਰੂ ਕੀਤੀ ਹੈ। ਇਸ 'ਚ ਵਿਆਹ ਵਿੱਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਜਿਵੇਂ ਕਿ ਵਿਆਹ ਰੱਦ ਕਰਨਾ, ਸਾਮਾਨ ਦੀ ਚੋਰੀ, ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਦੀ ਸਥਿਤੀ 'ਚ ਬੀਮਾ ਕੰਪਨੀ ਪਾਲਿਸੀ ਧਾਰਕ ਨੂੰ ਨੁਕਸਾਨ ਦੀ ਭਰਪਾਈ ਕਰਦੀ ਹੈ।

ਵੈਡਿੰਗ ਇੰਸ਼ੋਰੈਂਸ ਕੀ ਹੈ?
ਇਕ ਰਿਪੋਰਟ ਮੁਤਾਬਕ ਭਾਰਤ 'ਚ ਹਰ ਸਾਲ 1 ਤੋਂ 1.5 ਕਰੋੜ ਵਿਆਹ ਹੁੰਦੇ ਹਨ। ਇਸ ਦੇ ਨਾਲ ਹੀ ਇਨ੍ਹਾਂ ਵਿਆਹਾਂ 'ਤੇ ਦੇਸ਼ 'ਚ ਹਰ ਸਾਲ 3.71 ਲੱਖ ਕਰੋੜ ਰੁਪਏ ਖਰਚ ਹੁੰਦੇ ਹਨ। ਲੋਕ ਵਿਆਹਾਂ 'ਚ ਦਿਲ ਖੋਲ੍ਹ ਕੇ ਪੈਸੇ ਖਰਚ ਕਰਦੇ ਹਨ। ਮਹੀਨਿਆਂ ਪਹਿਲਾਂ ਬੈਂਡ, ਵਿਆਹ ਸਥਾਨ, ਖਰੀਦਦਾਰੀ ਆਦਿ ਲਈ ਤਿਆਰੀਆਂ ਕਰ ਲਈਆਂ ਜਾਂਦੀਆਂ ਹਨ। ਅਜਿਹੇ 'ਚ ਜੇਕਰ ਕਿਸੇ ਅਹਿਮ ਸਮੇਂ 'ਤੇ ਵਿਆਹ ਰੱਦ ਹੋ ਜਾਂਦਾ ਹੈ ਤਾਂ ਲੋਕਾਂ ਨੂੰ ਲੱਖਾਂ ਅਤੇ ਕਈ ਵਾਰ ਕਰੋੜਾਂ ਰੁਪਏ ਦਾ ਨੁਕਸਾਨ ਹੁੰਦਾ ਹੈ। ਅਜਿਹੀ ਸਥਿਤੀ 'ਚ ਇਸ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਅਤੇ ਐਮਰਜੈਂਸੀ ਵਰਗੇ ਹਾਲਾਤ ਤੋਂ ਬਚਣ ਲਈ ਵੈਡਿੰਗ ਇੰਸ਼ੋਰੈਂਸ ਬਹੁਤ ਕੰਮ ਆਉਂਦਾ ਹੈ। ਵਿੱਤੀ ਮਾਹਰਾਂ ਦਾ ਮੰਨਣਾ ਹੈ ਕਿ ਵੈਡਿੰਗ ਇੰਸ਼ੋਰੈਂਸ ਭਾਰਤ 'ਚ ਇਸ ਸਮੇਂ ਬਹੁਤ ਜ਼ਿਆਦਾ ਰੁਝਾਨ 'ਚ ਨਹੀਂ ਹੈ, ਪਰ ਆਉਣ ਵਾਲੇ ਸਮੇਂ 'ਚ ਇਹ ਭਾਰਤ 'ਚ ਬਹੁਤ ਮਸ਼ਹੂਰ ਹੋਣ ਵਾਲਾ ਹੈ।

ਦੇਣਾ ਹੋਵੇਗਾ ਇੰਨਾ ਪ੍ਰੀਮੀਅਮ
ਦੱਸ ਦੇਈਏ ਕਿ ਵੈਡਿੰਗ ਇੰਸ਼ੋਰੈਂਸ 'ਚ ਪਾਲਿਸੀ ਖਰੀਦਣ ਵਾਲੇ ਨੂੰ ਵਿਆਹ ਦੇ ਕੁੱਲ ਬਜਟ ਦਾ 1 ਤੋਂ 1.5 ਫ਼ੀਸਦੀ ਭੁਗਤਾਨ ਕਰਨਾ ਪੈਂਦਾ ਹੈ। ਜੇਕਰ ਤੁਹਾਡਾ ਵਿਆਹ 20 ਲੱਖ ਰੁਪਏ ਦਾ ਹੈ ਤਾਂ ਤੁਹਾਨੂੰ ਬੀਮੇ ਦੇ ਪ੍ਰੀਮੀਅਮ ਵਜੋਂ 30 ਹਜ਼ਾਰ ਰੁਪਏ ਅਦਾ ਕਰਨੇ ਪੈਣਗੇ। ਇਸ ਤੋਂ ਬਾਅਦ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੀ ਸਥਿਤੀ 'ਚ ਮੁਆਵਜ਼ਾ ਮਿਲੇਗਾ।

ਇਹ ਕੰਪਨੀ ਵਿਆਹ ਦੇ ਬੀਮੇ ਦੀ ਸਹੂਲਤ ਪ੍ਰਦਾਨ ਕਰਦੀ
ਦੇਸ਼ ਦੀਆਂ ਕਈ ਕੰਪਨੀਆਂ ਗਾਹਕਾਂ ਨੂੰ ਵੈਡਿੰਗ ਇੰਸ਼ੋਰੈਂਸ ਦੀ ਸਹੂਲਤ ਦੇ ਰਹੀਆਂ ਹਨ। ਬਜਾਜ ਅਲਾਇੰਸ ਜਨਰਲ ਇੰਸ਼ੋਰੈਂਸ, ਫਿਊਚਰ ਜਨਰਾਲੀ, HDFC Agro, ICICI ਲੋਂਬਾਰਡ ਆਦਿ ਵਰਗੀਆਂ ਬਹੁਤ ਸਾਰੀਆਂ ਬੀਮਾ ਕੰਪਨੀਆਂ ਹਨ, ਜੋ ਲੋਕਾਂ ਨੂੰ ਵੈਡਿੰਗ ਇੰਸ਼ੋਰੈਂਸ ਸਹੂਲਤ ਪ੍ਰਦਾਨ ਕਰਦੀਆਂ ਹਨ।