Google Maps: ਗੂਗਲ ਮੈਪਸ ਦੁਨੀਆਂ ਦੀਆਂ ਸਭ ਤੋਂ ਮਸ਼ਹੂਰ ਨੈਵੀਗੇਸ਼ਨ ਐਪਾਂ ਵਿੱਚੋਂ ਇੱਕ ਹੈ। ਦੁਨੀਆਂ ਭਰ ਦੇ ਯਾਤਰੀ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ ਇਸ 'ਤੇ ਨਿਰਭਰ ਕਰਦੇ ਹਨ, ਜਿੱਥੇ ਉਹ ਕਦੇ ਨਹੀਂ ਗਏ ਹੋਣ। ਇੰਨਾ ਹੀ ਨਹੀਂ, ਇਸ ਦੀ ਵਰਤੋਂ ਨੇੜੇ-ਤੇੜੇ ਦੀਆਂ ਨਵੀਆਂ ਥਾਵਾਂ ਦਾ ਪਤਾ ਲਾਉਣ, ਇਕ ਥਾਂ ਤੋਂ ਦੂਜੀ ਥਾਂ 'ਤੇ ਜਾਣ ਦੇ ਸਮੇਂ ਦਾ ਅੰਦਾਜ਼ਾ ਲਾਉਣ ਤੇ ਨਜ਼ਦੀਕੀ ਪੈਟਰੋਲ ਪੰਪ, ਏਟੀਐਮ ਤੇ ਰੈਸਟ ਰੂਮ ਦਾ ਪਤਾ ਲਗਾਉਣ ਲਈ ਵੀ ਕੀਤੀ ਜਾ ਸਕਦੀ ਹੈ। ਇਹ ਕਹਿਣ ਦੀ ਜ਼ਰੂਰਤ ਨਹੀਂ ਹੈ ਕਿ ਇਹ ਇੱਕ ਬਹੁਤ ਹੀ ਸੌਖਾ ਟੂਲ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਗੂਗਲ ਮੈਪ ਤੋਂ ਵੀ ਪੈਸੇ ਕਮਾ ਸਕਦੇ ਹੋ?



ਤੁਸੀਂ ਗੂਗਲ ਮੈਪਸ ਤੋਂ ਇਸ ਤਰ੍ਹਾਂ ਕਮਾ ਸਕਦੇ ਹੋ ਪੈਸੇ

ਗੂਗਲ ਮੈਪਸ ਤੋਂ ਪੈਸੇ ਕਮਾਉਣ ਦਾ ਕੋਈ ਸਿੱਧਾ ਤਰੀਕਾ ਨਹੀਂ ਹੈ। ਇੱਥੇ ਦੋ ਤਰੀਕੇ ਦੀਆਂ ਨੌਕਰੀਆਂ ਹਨ, ਜੋ ਤੁਹਾਨੂੰ ਗੂਗਲ ਮੈਪਸ ਤੋਂ ਪੈਸੇ ਕਮਾਉਣ 'ਚ ਮਦਦ ਕਰਨਗੀਆਂ।

ਪਹਿਲਾ: ਮੈਪ ਐਨਾਲਿਸ਼ਟ (Map Analyst)। ਇੱਕ ਮੈਪ ਐਨਾਲਿਸ਼ਟ ਆਨਲਾਈਨ ਰਿਸਰਚ ਕਰਕੇ ਅਤੇ ਤੁਹਾਨੂੰ ਪ੍ਰਦਾਨ ਕੀਤੀਆਂ ਗਈਆਂ ਗਾਈਡ-ਲਾਈਨਾਂ ਦਾ ਹਵਾਲਾ ਦੇ ਕੇ ਮੈਪਸ 'ਚ ਜਾਣਕਾਰੀ ਦੀ ਭਰੋਸੇਯੋਗਤਾ ਅਤੇ ਸ਼ੁੱਧਤਾ ਨੂੰ ਤੈਅ ਕਰਦਾ ਹੈ। ਲਾਇਨਬ੍ਰਿਜ (Lionbridge) ਇੱਕ ਅਜਿਹੀ ਕੰਪਨੀ ਹੈ, ਜੋ ਗੂਗਲ ਵਰਗੀਆਂ ਕੰਪਨੀਆਂ ਨਾਲ ਕੰਮ ਕਰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮੈਪ ਤੇ ਸਰਚ ਰਿਜਲਟ ਤੇ ਹੋਰ ਇੰਟਰਨੈਟ ਨਾਲ ਸਬੰਧਤ ਜਾਣਕਾਰੀ ਸਹੀ ਤੇ ਅਪ-ਟੂ-ਡੇਟ ਹੈ। ਕੰਮ ਲਚਕਦਾਰ ਹੈ ਤੇ ਇਸ ਦੇ ਲਈ ਪ੍ਰਤੀ ਘੰਟੇ $10 (ਲਗਭਗ 756 ਰੁਪਏ) ਤੋਂ $16 (1211 ਰੁਪਏ) ਪ੍ਰਤੀ ਘੰਟੇ ਦਾ ਭੁਗਤਾਨ ਕੀਤਾ ਜਾਂਦਾ ਹੈ।

ਦੂਜਾ: ਆਨਲਾਈਨ ਮਾਰਕੀਟਿੰਗ ਕੰਸਲਟੈਂਟ (online marketing consultant) ਬਣਨਾ। ਇੱਕ ਆਨਲਾਈਨ ਮਾਰਕੀਟਿੰਗ ਕੰਸਲਟੈਂਟ ਛੋਟੇ ਕਾਰੋਬਾਰਾਂ 'ਚ ਵੱਧ ਗਾਹਕਾਂ ਨੂੰ ਲਿਆਉਣ ਲਈ SEO, ਇਸ਼ਤਿਹਾਰਾਂ ਤੇ ਯੂਜਰਾਂ ਵੱਲੋਂ ਤਿਆਰ ਕੀਤੀ ਸਮੱਗਰੀ ਦੀ ਵਰਤੋਂ ਕਰਦਾ ਹੈ। ਇਹ ਛੋਟੇ ਕਾਰੋਬਾਰੀਆਂ ਨੂੰ ਆਨਲਾਈਨ ਮਾਨਤਾ ਦਿਵਾਉਣ ਤੇ ਹੋਰ ਵੱਧ ਗਾਹਕ ਪ੍ਰਾਪਤ ਕਰਨ 'ਚ ਮਦਦ ਕਰ ਸਕਦਾ ਹੈ। ਜਾਂ ਤੁਸੀਂ ਉਨ੍ਹਾਂ ਦੀ ਆਨਲਾਈਨ ਮੌਜੂਦਗੀ ਨੂੰ ਇਸ ਤਰੀਕੇ ਨਾਲ ਅਨੁਕੂਲਿਤ ਕਰ ਸਕਦੇ ਹੋ ਕਿ ਉਨ੍ਹਾਂ ਨੂੰ ਹੋਰ ਗਾਹਕ ਪ੍ਰਾਪਤ ਹੋ ਜਾਣ। ਹਾਲਾਂਕਿ ਇਸ ਦੇ ਲਈ ਤੁਹਾਨੂੰ ਕੁਝ ਮਾਰਕੀਟਿੰਗ ਗਿਆਨ ਤੇ ਵੈਬ ਡਿਵੈਲਪਿੰਗ ਸਕਿੱਲ ਦੀ ਲੋੜ ਹੈ।

ਗੂਗਲ ਮੈਪਸ ਦੇ ਲੋਕਲ ਗਾਈਡ ਪੁਆਇੰਟਸ ਬਾਰੇ ਜਾਣੋ :
ਨੈਵੀਗੇਸ਼ਨਲ ਪਲੇਟਫ਼ਾਰਮ ਨੂੰ ਵੱਧ ਉਪਯੋਗੀ ਅਤੇ ਸਹੀ ਬਣਾਉਣ 'ਚ ਯੋਗਦਾਨ ਪਾਉਣ ਲਈ ਗੂਗਲ ਮੈਪਸ ਯੂਜਰਾਂ ਨੂੰ ਪੁਆਇੰਟ ਦਿੰਦਾ ਹੈ। Google Maps ਉਨ੍ਹਾਂ ਲੋਕਾਂ ਨੂੰ ਪੁਆਇੰਟ ਦਿੰਦਾ ਹੈ ਜੋ ਸਮੀਖਿਆਵਾਂ ਦੇ ਨਾਲ ਆਪਣਾ ਅਨੁਭਵ ਸਾਂਝਾ ਕਰਦੇ ਹਨ, ਫ਼ੋਟੋਆਂ ਤੇ ਵੀਡੀਓ ਸਾਂਝੇ ਕਰਦੇ ਹਨ, ਆਪਣੇ ਜਵਾਬਾਂ ਨਾਲ ਸੁਝਾਅ ਦਿੰਦੇ ਹਨ, ਕਿਸੇ ਥਾਂ ਬਾਰੇ ਸਵਾਲਾਂ ਦੇ ਜਵਾਬ ਦਿੰਦੇ ਹਨ, ਪਲੇਸ ਐਡਿਟ ਦੇ ਨਾਲ ਜਾਣਕਾਰੀ ਅਪਡੇਟ ਕਰਦੇ ਹਨ, ਗੁੰਮ ਲੋਕੇਸ਼ਨਸ ਨੂੰ ਜੋੜਦੇ ਹਨ ਜਾਂ ਤੱਥਾਂ ਦੀ ਜਾਂਚ ਨਾਲ ਜਾਣਕਾਰੀ ਦੀ ਪੁਸ਼ਟੀ ਕਰਦੇ ਹਨ। ਵੱਖ-ਵੱਖ ਕੰਮਾਂ ਲਈ ਵੱਖ-ਵੱਖ ਪੁਆਇੰਟ ਮਿਲਦੇ ਹਨ। ਉਦਾਹਰਨ ਲਈ ਇੱਕ ਰਿਵਿਊ ਲਿਖਣ 'ਤੇ 10 ਪੁਆਇੰਟ ਮਿਲਦੇ ਹਨ, ਜਦਕਿ ਕਿਸੇ ਥਾਂ ਦੀ ਡਿਟੇਲਸ ਨੂੰ ਐਡਿਟ ਕਰਨ ਲਈ ਸਿਰਫ਼ 5 ਪੁਆਇੰਟ ਮਿਲਦੇ ਹਨ। ਹੇਠਾਂ ਦਿੱਤੀ ਸੂਚੀ ਵੇਖੋ...

- ਰਿਵਿਊ : 10 ਪੁਆਇੰਟ
- ਰੇਟਿੰਗ : 1 ਪੁਆਇੰਟ
- ਫ਼ੋਟੋ : 5 ਪੁਆਇੰਟ
- ਫ਼ੋਟੋ ਟੈਗਸ : 3 ਪੁਆਇੰਟ
- ਵੀਡੀਓ : 7 ਪੁਆਇੰਟ
- ਜਵਾਬ : 1 ਪੁਆਇੰਟ
- - Q&As ਰਿਸਪੌਂਸ : 3 ਪੁਆਇੰਟ
- ਐਡਿਟ : 5 ਪੁਆਇੰਟ
- ਸਥਾਨ ਜੋੜਨਾ : 15 ਪੁਆਇੰਟ
- ਰੋਡ ਲਿੰਕਿੰਗ : 15 ਪੁਆਇੰਟ
- ਫੈਕਟ ਚੈੱਕ : 1 ਪੁਆਇੰਟ

ਜਿਵੇਂ-ਜਿਵੇਂ ਇਹ ਅੰਕ ਵਧਦੇ ਹਨ, ਤੁਹਾਡਾ ਲੈਵਲ ਵੀ ਵੱਧਦਾ ਹੈ। ਜਦੋਂ ਕੋਈ ਵਿਅਕਤੀ 250 ਅੰਕ ਇਕੱਠੇ ਕਰਦਾ ਹੈ ਤਾਂ ਉਸ ਨੂੰ ਇੱਕ ਸਟਾਰ ਮਿਲਦਾ ਹੈ। ਜਿਵੇਂ-ਜਿਵੇਂ ਇਹ ਪੁਆਇੰਟ ਵਧਦੇ ਰਹਿੰਦੇ ਹਨ ਤੇ ਸਥਾਨਕ ਗਾਈਡ 1500 ਪੁਆਇੰਟ, 5000 ਪੁਆਇੰਟ, 15000 ਪੁਆਇੰਟ ਤੇ ਹੋਰ ਬਹੁਤ ਸਾਰੇ ਸਥਾਨਾਂ ਨੂੰ ਪਾਰ ਕਰਦਾ ਹੈ, ਸਥਾਨਕ ਗਾਈਡ ਦਾ ਪੱਧਰ ਲਗਾਤਾਰ ਵਧਦਾ ਜਾਂਦਾ ਹੈ ਪਰ ਇਹ ਪੁਆਇੰਟਸ ਅਸਲ ਦੁਨੀਆਂ 'ਚ ਬਿਲਕੁਲ ਵੀ ਉਪਯੋਗੀ ਨਹੀਂ। ਮਤਲਬ ਤੁਸੀਂ ਅਸਲ ਦੁਨੀਆਂ 'ਚ ਪੈਸੇ ਲਈ ਇਨ੍ਹਾਂ ਪੁਆਇੰਟਾਂ ਨੂੰ ਰੀਡੀਮ ਨਹੀਂ ਕਰ ਸਕਦੇ ਤੇ ਨਾ ਹੀ ਤੁਸੀਂ ਇਨ੍ਹਾਂ ਪੁਆਇੰਟਾਂ ਨੂੰ Google Play ਸਟੋਰ 'ਤੇ ਵਰਤ ਸਕਦੇ ਹੋ। ਸਿੱਧੇ ਸ਼ਬਦਾਂ 'ਚ ਕਹੀਏ ਤਾਂ ਇਨ੍ਹਾਂ ਗੱਲਾਂ ਦਾ ਕੋਈ ਫ਼ਾਇਦਾ ਨਹੀਂ।