ਨਵੀਂ ਦਿੱਲੀ: ਸੋਨੇ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸੋਨੇ ਦੀ ਕੀਮਤ ਪਿਛਲੇ ਸੱਤ ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਵਿਆਹਾਂ ਦੇ ਮੌਸਮ ਵਿੱਚ ਸੋਨੇ ਦੀ ਕੀਮਤ 45 ਹਜ਼ਾਰ ਪ੍ਰਤੀ 10 ਗ੍ਰਾਮ ਤੱਕ ਪਹੁੰਚ ਸਕਦੀ ਹੈ। ਰੁਪਏ ਦੀ ਗਿਰਾਵਟ ਤੇ ਕੋਰੋਨਾ ਵਾਇਰਸ ਨੂੰ ਵੀ ਸੋਨੇ ਦੇ ਭਾਅ ਵੱਧਣ ਦਾ ਕਾਰਨ ਮੰਨਿਆ ਜਾ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਜਿਥੇ ਆਮ ਲੋਕ ਸੋਨਾ-ਚਾਂਦੀ ਤੇ ਗਹਿਣੇ ਜਵੈਲਰ ਤੋਂ ਖਰੀਦਦੇ ਹਨ, ਉਥੇ ਕਾਰੋਬਾਰੀ ਲੋਕ ਸਰਾਫਾ ਬਜ਼ਾਰ ਤੋਂ ਚਾਂਦੀ ਤੇ ਸੋਨੇ ਦੀ ਖਰੀਦ ਕਰਦੇ ਹਨ। ਇੰਡੀਆ ਬੁਲਿਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਮੁਤਾਬਕ ਸੋਨੇ ਦੇ ਰੇਟਾਂ 'ਚ ਵਾਧਾ ਅੰਤਰਰਾਸ਼ਟਰੀ ਕਾਰਨਾਂ ਕਰਕੇ ਆਇਆ ਹੈ। ਸਰਾਫਾ ਬਜ਼ਾਰ 'ਚ ਸੋਨੇ ਦੇ ਖਰੀਦਾਰਾਂ ਦੀ ਮੰਗ ਘਟੀ ਹੈ ਤੇ ਅੱਗੇ ਵੀ ਇਹੀ ਸਥਿਤੀ ਬਣੀ ਰਹਿਣ ਦੀ ਸੰਭਾਵਨਾ ਹੈ।

ਇਸ ਦਾ ਇੱਕ ਕਾਰਨ ਰੁਪਏ ਦੀਆਂ ਕੀਮਤਾਂ ਡਿੱਗਣ ਤੇ ਡਾਲਰ ਮਜ਼ਬੂਤ ਹੋਣ ਨੂੰ ਵੀ ਮੰਨਿਆ ਜਾ ਰਿਹਾ ਹੈ। ਨਿਵੇਸ਼ਕ ਸੋਨੇ ਨੂੰ ਇੱਕ ਸੁਰੱਖਿਅਤ ਵਿਕਲਪ ਵਜੋਂ ਵੇਖ ਰਹੇ ਹਨ ਤੇ ਸੋਨੇ ਵਿੱਚ ਨਿਵੇਸ਼ ਕਰ ਰਹੇ ਹਨ। ਕੋਰੋਨਾ ਵਾਇਰਸ ਦਾ ਡਰ ਵੀ ਬਾਜ਼ਾਰ 'ਤੇ ਹਾਵੀ ਹੈ ਤੇ ਸੋਨੇ ਦੀਆਂ ਕੀਮਤਾਂ ਵਿੱਚ ਵਾਧੇ ਪਿੱਛੇ ਵੀ ਇਹ ਕਾਰਨ ਕਿਹਾ ਜਾ ਰਿਹਾ ਹੈ।