ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਛੇ ਜੱਜ ਇਨਫਲੂਐਂਜ਼ਾ ਏ (ਐਚ 1 ਐਨ 1) ਵਾਇਰਸ ਨਾਲ ਜਕੜੇ ਗਏ ਹਨ, ਜਿਸ ਨੂੰ ਆਮ ਤੌਰ 'ਤੇ ਸਵਾਈਨ ਫਲੂ ਵੀ ਕਿਹਾ ਜਾਂਦਾ ਹੈ। ਜਸਟਿਸ ਡੀਵਾਈ ਚੰਦਰਚੂੜ ਨੇ ਸੋਮਵਾਰ ਨੂੰ ਇੱਕ ਸੁਣਵਾਈ ਦੌਰਾਨ ਵਕੀਲਾਂ ਨੂੰ ਇਹ ਦੱਸਿਆ।


ਜੱਜ ਨੇ ਕਿਹਾ ਕਿ ਚੀਫ ਜਸਟਿਸ ਆਫ ਇੰਡੀਆ ਸ਼ਰਦ ਅਰਵਿੰਦ ਬੋਬੜੇ ਨੇ ਇਸ ਦੇ ਮੱਦੇਨਜ਼ਰ ਇੱਕ ਬੈਠਕ ਕੀਤੀ ਸੀ ਤਾਂ ਜੋ ਵਾਇਰਸ ਨੂੰ ਹੋਰ ਜ਼ਿਆਦਾ ਫੈਲਣ ਤੋਂ ਰੋਕਣ ਲਈ ਕਦਮ ਚੁੱਕੇ ਜਾ ਸਕਣ। ਜਸਟਿਸ ਚੰਦਰਚੂੜ ਨੇ ਕਿਹਾ ਕਿ ਉਨ੍ਹਾਂ ਨੇ ਸੁਪਰੀਮ ਕੋਰਟ ਵਿੱਚ ਕੰਮ ਕਰਨ ਵਾਲਿਆਂ ਦਾ ਟੀਕਾਕਰਨ ਕਰਨ ਦਾ ਸੁਝਾਅ ਦਿੱਤਾ ਹੈ।

ਇਹ ਵਿਸ਼ਾ ਕੁਝ ਸਮੇਂ ਬਾਅਦ ਫਿਰ ਇੱਕ ਹੋਰ ਅਦਾਲਤ ਵਿੱਚ ਉਭਰਿਆ ਜਦੋਂ ਇੱਕ ਵਕੀਲ ਨੇ ਇੱਕ ਸਹਿਯੋਗੀ ਨੂੰ ਉਸ ਦੀ ਤਰਫੋਂ ਦਲੀਲਾਂ ਦੇਣ ਦੀ ਆਗਿਆ ਮੰਗੀ। ਜਸਟਿਸ ਅਰੁਣ ਮਿਸ਼ਰਾ ਦੇ ਇੱਕ ਸਵਾਲ ਦੇ ਜਵਾਬ ਵਿੱਚ ਸੀਨੀਅਰ ਵਕੀਲ ਆਰਿਆਮਾ ਸੁੰਦਰਮ ਨੇ ਕਿਹਾ ਕਿ ਉਹ ਥੱਕੇ ਹੋਏ ਮਹਿਸੂਸ ਕਰ ਰਹੇ ਹਨ ਤੇ ਉਨ੍ਹਾਂ ਨੂੰ ਚੰਗਾ ਵੀ ਮਹਿਸੂਸ ਨਹੀਂ ਹੋ ਰਿਹਾ। ਜਸਟਿਸ ਮਿਸ਼ਰਾ ਨੇ ਸੀਨੀਅਰ ਵਕੀਲ ਨੂੰ ਕਿਹਾ ਕਿ ਇਹ ਬਿਹਤਰ ਹੰਦਾ ਜੇ ਉਹ ਅਦਾਲਤ ਵਿੱਚ ਨਾ ਆਉਂਦੇ।

ਇਹ ਵੀ ਸੁਝਾਅ ਦਿੱਤੇ ਗਏ ਹਨ ਕਿ ਕੋਰਟ ਕੰਪਲੈਕਸ ਵਿੱਚ ਇੱਕ ਵਿਸ਼ੇਸ਼ ਡਿਸਪੈਂਸਰੀ ਸਥਾਪਤ ਕੀਤੀ ਜਾਵੇ ਅਤੇ ਕੋਰਟ ਅੰਦਰ ਆਉਣ ਵਾਲੇ ਹਰ ਵਿਅਕਤੀ ਦਾ ਟੀਕਾਕਰਨ ਕੀਤਾ ਜਾਵੇ।