ਨਵੀਂ ਦਿੱਲੀ: ਕਮਜ਼ੋਰ ਮੰਗ ਕਾਰਨ ਸੋਮਵਾਰ ਨੂੰ ਸੋਨਾ 0.31 ਫ਼ੀਸਦੀ ਗਿਰਾਵਟ ਨਾਲ 44,544 ਰੁਪਏ ਪ੍ਰਤੀ 10 ਗ੍ਰਾਮ (ਤੋਲਾ) ਰਹਿ ਗਿਆ। ਮਲਟੀ ਕਮੌਡਿਟੀ ਐਕਸਚੇਂਜ ’ਚ ਅਪ੍ਰੈਲ ਮਹੀਨੇ ਡਿਲੀਵਰੀ ਵਾਲੇ ਸੋਨਾ ਵਾਇਦਾ ਦੀ ਕੀਮਤ ਵਿੱਚ ਇਹ ਕਮੀ ਦਰਜ ਕੀਤੀ ਗਈ। ਇਸ ਵਿੱਚ 12,303 ਲੌਟ ਲਈ ਕਾਰੋਬਾਰ ਕੀਤਾ ਗਿਆ। ਕੌਮਾਂਤਰੀ ਬਾਜ਼ਾਰ, ਨਿਊ ਯਾਰਕ ’ਚ ਸੋਨਾ 0.09 ਫ਼ੀਸਦੀ ਦੀ ਗਿਰਾਵਟ ਨਾਲ 1,697.00 ਡਾਲਰ ਪ੍ਰਤੀ ਔਂਸ ਚੱਲ ਰਿਹਾ ਸੀ।


 

ਉੱਧਰ ਮਜ਼ਬੂਤੀ ਕਾਰਨ ਅੱਜ ਚਾਂਦੀ 593 ਰੁਪਏ ਮਹਿੰਗੀ ਹੋ ਕੇ 66,196 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਮਲਟੀ ਕਮੌਡਿਟੀਜ਼ ਐਕਸਚੇਂਜ ਵਿੱਚ 12,170 ਲੌਟ ਲਈ ਕਾਰੋਬਾਰ ਹੋਇਆ।

 
ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਘਰੇਲੂ ਬਾਜ਼ਾਰ ਵਿੱਚ ਤੇਜ਼ੀ ਦੇ ਰੁਖ਼ ਕਾਰਣ ਕਾਰੋਬਾਰੀਆਂ ਨੇ ਤਾਜ਼ਾ ਸੌਦਿਆਂ ਦੀ ਲਿਵਾਲੀ ਕੀਤੀ, ਜਿਸ ਕਾਰਣ ਚਾਂਦੀ ਵਾਇਦਾ ਕੀਮਤਾਂ ’ਚ ਤੇਜ਼ੀ ਆਈ। ਵਿਸ਼ਵ ਪੱਧਰ ਉੱਤੇ ਨਿਊਯਾਰਕ ’ਚ ਚਾਂਦੀ ਦੀ ਕੀਮਤ 0.76 ਪ੍ਰਤੀਸ਼ਤ ਦੀ ਤੇਜ਼ੀ ਨਾਲ 25.48 ਡਾਲਰ ਪ੍ਰਤੀ ਔਂਸ ਚੱਲ ਰਹੀ ਸੀ।

 

ਅਹਿਮਦਾਬਾਦ ਸੱਰਾਫ਼ਾ ਬਾਜ਼ਾਰ ’ਚ ਸੋਨਾ 44,310 ਰੁਪਏ ਪ੍ਰਤੀ 10 ਗ੍ਰਾਮ ਉੱਤੇ ਵਿਕਿਆ। ਗੋਲਡ ਫ਼ਿਊਚਰ ਦੀ ਕੀਮਤ 44,710 ਪ੍ਰਤੀ 10 ਗ੍ਰਾਮ ਰਹੀ। ਦਿੱਲੀ ਦੇ ਸਰਾਫ਼ਾ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਸ਼ੁੱਕਰਵਾਰ ਨੂੰ 522 ਰੁਪਏ ਘਟ ਕੇ 43,887 ਰੁਪਏ ਪ੍ਰਤੀ 10 ਗ੍ਰਾਮ ਰਹਿ ਗਈ।

ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ ’ਚ ਸੋਨਾ 44,409 ਰੁਪਏ ਪ੍ਰਤੀ 10 ਗ੍ਰਾਮ ਉੱਤੇ ਬੰਦ ਹੋਇਆ ਸੀ। ਚਾਂਦੀ ਵੀ 1,822 ਰੁਪਏ ਦੀ ਗਿਰਾਵਟ ਨਾਲ 64,805 ਰੁਪਏ ਪ੍ਰਤੀ ਕਿਲੋਗ੍ਰਾਮ ਉੱਤੇ ਪੁੱਜ ਗਈ ਸੀ।