ਲੰਡਨ: ਇੰਗਲੈਂਡ ਦੇ ਸ਼ਹਿਜ਼ਾਦੇ ‘ਡਿਊਕ ਆਫ਼ ਸਸੈਕਸ’ ਹੈਰੀ ਤੇ ਉਨ੍ਹਾਂ ਦੀ ਪਤਨੀ ‘ਡਚੇਜ਼ ਆਫ਼ ਸਸੈਕਸ’ ਮੇਗਨ ਮਰਕੇਲ ਦੇ ਦੂਜੀ ਔਲਾਦ ਬੇਟੀ ਹੋਵੇਗੀ। ਇਸ ਜੋੜੀ ਨੇ ਓਪਰਾ ਵਿਨਫ਼੍ਰੇਅ ਨੂੰ ਦਿੱਤੇ ਇੱਕ ਇੰਟਰਵਿਊ ’ਚ ਇਹ ਪ੍ਰਗਟਾਵਾ ਕੀਤਾ ਹੈ।

 

ਹੈਰੀ ਤੇ ਮੇਗਨ ਦਾ ਇੱਕ ਬੇਟਾ ਵੀ ਹੈ, ਜੋ ਮਈ ’ਚ ਦੋ ਸਾਲਾਂ ਦਾ ਹੋ ਜਾਵੇਗਾ। ਹੈਰੀ ਨੇ ਕਿਹਾ ਕਿ ਔਲਾਦ ਦੇ ਤੌਰ ’ਤੇ ਪਹਿਲਾਂ ਬੇਟਾ ਤੇ ਫਿਰ ਬੇਟੀ- ਇਸ ਤੋਂ ਵੱਧ ਤੁਸੀਂ ਕੀ ਚਾਹ ਸਕਦੇ ਹੋ! ਹੁਣ ਅਸੀਂ ਇੱਕ ਪਰਿਵਾਰ ਹਾਂ। ਅਸੀਂ ਚਾਰ ਤੇ ਸਾਡੇ ਦੋ ਪਾਲਤੂ ਕੁੱਤੇ।

 

ਹੈਰੀ ਨੇ ਉਨ੍ਹਾਂ ਦੇ ਤੇ ਮਰਕੇਲ ਦੇ ਸ਼ਾਹੀ ਫ਼ਰਜ਼ ਛੱਡਣ ਦੇ ਫ਼ੈਸਲੇ ਨਾਲ ਮਹਾਰਾਣੀ ਨੂੰ ਧੱਕਾ ਪਹੁੰਚਾਉਣ ਦੀਆਂ ਖ਼ਬਰਾਂ ਨੂੰ ਰੱਦ ਕਰਦਿਆਂ ਕਿਹਾ ਕਿ ਕਈ ਵਾਰ ਗੱਲਬਾਤ ਕਰਨ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਮੈਂ ਆਪਣੀ ਦਾਦੀ ਨੂੰ ਕੋਈ ਝਟਕਾ ਨਹੀਂ ਦਿੱਤਾ ਹੈ। ਮੈਂ ਉਨ੍ਹਾਂ ਦੀ ਬਹੁਤ ਇੱਜ਼ਤ ਕਰਦਾ ਹਾਂ।

 

ਪ੍ਰਿੰਸ ਹੈਰੀ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਪ੍ਰਿੰਸ ਚਾਰਲਸ ਨੇ ਹੁਣ ਉਨ੍ਹਾਂ ਦਾ ਫ਼ੋਨ ਚੁੱਕਣਾ ਬੰਦ ਕਰ ਦਿੱਤਾ ਹੈ। ਮਰਕੇਲ ਨੇ ਦੱਸਿਆ ਕਿ ਹੈਰੀ ਨਾਲ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਖ਼ੁਦਕੁਸ਼ੀ ਕਰਨ ਜਿਹੇ ਵਿਚਾਰ ਮਨ ’ਚ ਆਉਣ ਲੱਗ ਪਏ ਸਨ ਅਤੇ ਪੈਲੇਸ ਨੇ ਉਨ੍ਹਾਂ ਨੂੰ ਇਸ ਸਬੰਧਾ ਮਦਦ ਲੈਣ ਤੋਂ ਰੋਕਿਆ।

 

ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਉਹ ਪਹਿਲੀ ਵਾਰ ਗਰਭਵਤੀ ਹੋਏ, ਤਾਂ ਉਨ੍ਹਾਂ ਦੇ ਹੋਣ ਵਾਲੇ ਬੱਚੇ ਦੇ ਰੰਗ ਬਾਰੇ ਵੀ ਕਈ ਸੁਆਲ ਹੋਏ। ਭਾਵੇਂ ਉਨ੍ਹਾਂ ਉਸ ਵਿਅਕਤੀ ਦਾ ਨਾਂ ਨਹੀਂ ਦੱਸਿਆ, ਜਿਸ ਨੇ ਹੈਰੀ ਨਾਲ ਇਹ ਗੱਲ ਕੀਤੀ।

 
ਦੱਸ ਦੇਈਏ ਕਿ ਹੈਰੀ ਤੇ ਮੇਗਨ ਨੇ ਮਈ 2018 ’ਚ ਵਿੰਡਸਰ ਦੇ ਕਿਲੇ ’ਚ ਵਿਆਹ ਰਚਾਇਆ ਸੀ। ਉਨ੍ਹਾਂ ਦੇ ਪੁੱਤਰ ਆਰਚੀ ਦਾ ਜਨਮ 2019 ’ਚ ਹੋਇਆ ਸੀ। ਇਹ ਜੋੜੀ ਹੁਣ ਸ਼ਾਹੀ ਪਰਿਵਾਰ ਨੂੰ ਛੱਡ ਕੇ ਉੱਤਰੀ ਅਮਰੀਕਾ ’ਚ ਰਹਿ ਰਿਹਾ ਹੈ।