ਚੀਨ 'ਚ ਕੋਵਿਡ-19 ਮਹਾਮਾਰੀ ਦੀ ਉਤਪੱਤੀ ਦੀ ਜਾਂਚ ਕਰਨ ਵਾਲੀ ਅੰਤਰ ਰਾਸ਼ਟਰੀ ਟੀਮ ਆਪਣੀ ਰਿਪੋਰਟ 15 ਮਾਰਚ ਦੇ ਹਫਤੇ 'ਚ ਪ੍ਰਕਾਸ਼ਿਤ ਕਰੇਗੀ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਇਸ ਸਿਲਸਿਲੇ 'ਚ ਜਾਣਕਾਰੀ ਦਿੱਤੀ ਹੈ। ਰਿਪੋਰਟ ਦੋ ਗੇੜਾਂ 'ਚ ਪ੍ਰਕਾਸ਼ਿਤ ਹੋਣ ਵਾਲੀ ਸੀ। WHO ਮੁਖੀ ਟੇਡ੍ਰੋਸ ਦੇ ਮੁਤਾਬਕ ਹੁਣ ਇਕੋ ਸਮੇਂ ਰਿਪੋਰਟ ਜਾਰੀ ਕੀਤੀ ਜਾਵੇਗੀ।


ਉਨ੍ਹਾਂ ਸਿਹਤ ਏਜੰਸੀ ਦੇ ਮੈਂਬਰ ਦੇਸ਼ਾਂ ਨੂੰ ਸੰਬੋਧਨ 'ਚ ਕਿਹਾ, 'ਮੈਂ ਜਾਣਦਾ ਹਾਂ ਬਹੁਤ ਸਾਰੇ ਦੇਸ਼ਾਂ ਦੀ ਉਤਸੁਕਤਾ ਰਿਪੋਰਟ ਦੇਖਣ ਦੀ ਹੈ ਜੋ WHO ਦੀ ਅਗਵਾਈ 'ਚ ਕੋਰੋਨਾ ਵਾਇਰਸ ਦੀ ਪੈਦਾਇਸ਼ 'ਤੇ ਖੋਜ ਕੀਤੀ ਗਈ ਹੈ- ਨਿਸਚਿਤ ਤੌਰ 'ਤੇ ਮੈਨੂੰ ਵੀ ਹੈ। ਟੀਮ ਆਪਣੀ ਅੰਤਿਮ ਰਿਪੋਰਟ 'ਤੇ ਕੰਮ ਕਰ ਰਹੀ ਹੈ ਤੇ 15 ਮਾਰਚ ਵਾਲੇ ਹਫਤੇ 'ਚ ਰਿਪੋਰਟ ਜਾਰੀ ਕਰ ਦਿੱਤੀ ਜਾਵੇਗੀ। ਮੈਂ ਤਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਰਿਪੋਰਟ ਤਿਆਰ ਹੈ। ਅਸੀਂ ਮਾਹਿਰ ਟੀਮ ਨਾਲ ਰਿਪੋਰਟ ਮੈਂਬਰ ਦੇਸ਼ਾਂ ਦੇ ਨਾਲ ਸਾਂਝੀ ਕਰਨ ਤੋਂ ਪਹਿਲਾਂ ਹੋਰ ਜਾਂਚ 'ਤੇ ਸੰਖੇਪ ਵੇਰਵਾ ਦੇਣ ਲਈ ਕਹਾਂਗੇ।'


ਚੀਨ ਦੇ ਵੁਹਾਨ ਸ਼ਹਿਰ 'ਚ ਰਹਿ ਕੇ ਟੀਮ ਨੇ ਕੀਤੀ ਜਾਂਚ


ਕੋਰੋਨਾ ਵਾਇਰਸ ਦਾ ਪਹਿਲਾਂ ਮਾਮਲਾ 2019 ਦੇ ਦਸੰਬਰ 'ਚ ਚੀਨ ਸ਼ਹਿਰ ਦੇ ਵੁਹਾਨ 'ਚ ਦਰਜ ਕੀਤਾ ਗਿਆ ਸੀ। ਵੁਹਾਨ 'ਚ ਅੰਤਰ ਰਾਸ਼ਟਰੀ ਟੀਮ ਨੇ ਜਾਂਚ 2021 ਦੇ ਜਨਵਰੀ 'ਚ ਸ਼ੁਰੂ ਕੀਤੀ ਤੇ ਪਿਛਲੇ ਮਹੀਨੇ ਸਮਾਪਤ ਕਰ ਲਈ। ਅੰਤਰ ਰਾਸ਼ਟਰੀ ਵਿਗਿਆਨੀਆਂ ਦੀ ਮਾਹਿਰ ਟੀਮ ਨੇ ਚਾਰ ਹਫਤੇ ਵੁਹਾਨ 'ਚ ਰਹਿ ਕੇ ਸ਼ੁਰੂਆਤੀ ਮਾਮਲਿਆਂ ਨਾਲ ਜੁੜੀਆਂ ਥਾਵਾਂ ਦਾ ਮੁਆਇਨਾ ਕੀਤਾ। ਮਾਹਿਰਾਂ ਦਾ ਮੰਨਣਾ ਹੈ ਕਿ ਬਿਮਾਰੀ ਦੀ ਉਤਪੱਤੀ ਚਮਗਿੱਦੜਾਂ ਤੋਂ ਹੋਈ ਤੇ ਸਤਨਪਾਨ ਕਰਨ ਵਾਲੇ ਜੀਵਾਂ ਤੋਂ ਹੁੰਦਿਆਂ ਇਨਸਾਨਾਂ 'ਚ ਫੈਲੀ। ਹਾਲਾਂਕਿ ਵਿਗਿਆਨੀਆਂ ਦਾ ਮਿਸ਼ਨ ਵਾਇਰਸ ਦੇ ਸ੍ਰੋਤ ਨੂੰ ਪਛਾਣ ਪਾਉਣ 'ਚ ਨਾਕਾਮ ਰਿਹਾ।


ਵਿਗਿਆਨੀਆਂ ਨੇ ਚੀਨ ਛੱਡਣ ਤੋਂ ਪਹਿਲਾਂ ਨਿਊਜ਼ ਕਾਨਫਰੰਸ 'ਚ ਇਸ ਥਿਓਰੀ ਨੂੰ ਖਾਰਜ ਕਰ ਦਿੱਤਾ ਕਿ ਵਾਇਰਸ ਦਾ ਰਿਸਾਅ ਵੁਹਾਨ 'ਚ ਵਿਸ਼ਾਣੂ ਵਿਗਿਆਨ ਪ੍ਰਯੋਗਸ਼ਾਲਾ ਤੋਂ ਹੋਇਆ।