ਯੰਗੂਨਃ ਮੀਆਂਮਾਰ ਵਿੱਚ ਤਖ਼ਤਾ ਪਲਟਣ ਮਗਰੋਂ ਸਥਿਤੀ ਲਗਾਤਾਰ ਖ਼ਰਾਬ ਹੁੰਦੀ ਜਾ ਰਹੀ ਹੈ। ਇੱਥੋਂ ਦੇ ਰੰਗੂਨ ਵਿੱਚ ਪ੍ਰਦਰਸ਼ਨਕਾਰੀ ਲੀਡਰਾਂ ਨੂੰ ਦਬਾਉਣ ਲਈ ਦੇਰ ਰਾਤ ਛਾਪੇਮਾਰੀ ਕੀਤੀ। ਇਸ ਦੇ ਬਾਵਜੂਦ ਐਤਵਾਰ ਨੂੰ ਮੀਆਂਮਾਰ ਵਿੱਚ ਸੜਕਾਂ ਉੱਪਰ ਉੱਤਰ ਆਏ। ਇਹ ਲੋਕ ਪਿਛਲੇ ਮਹੀਨੇ ਤਖ਼ਤਾ-ਪਲਟ ਦਾ ਵਿਰੋਧ ਕਰ ਰਹੇ ਹਨ।


ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਸਭ ਤੋਂ ਵੱਡਾ ਪ੍ਰਦਰਸ਼ਨ ਦੇਸ਼ ਦੇ ਦੂਜੇ ਵੱਡੇ ਸ਼ਹਿਰ ਮਾਂਡਲੇ ਵਿੱਚ ਹੋਇਆ। ਰੋਸ ਵਿਖਾਵਿਆਂ ਵਿੱਚ ਹਿੰਸਾ ਦੀ ਰਿਪੋਰਟ ਨਹੀਂ ਹੈ। ਹਾਲਾਂਕਿ, ਫ਼ੌਜੀਆਂ ਤੇ ਪੁਲਿਸ ਵੱਲੋਂ ਯੰਗੂਨ ਦੇ ਕਈ ਜ਼ਿਲ੍ਹਿਆਂ ਵਿੱਚ ਗੋਲ਼ੀਬਾਰੀ ਕੀਤੇ ਜਾਣ ਦੀ ਖ਼ਬਰ ਹੈ। ਸਿਆਸੀ ਕੈਦੀਆਂ ਦੀ ਹਮਾਇਤ ਕਰਨ ਵਾਲੇ ਗਰੁਪ AAPP ਦੇ ਅੰਕੜਿਆਂ ਮੁਤਾਬਕ ਸ਼ਨੀਵਾਰ ਤੱਕ 1700 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਜਾ ਚੁੱਕਿਆ ਹੈ।


ਮੀਆਂਮਾਰ ਵਿੱਚ ਪਹਿਲੀ ਫ਼ਰਵਰੀ ਨੂੰ ਆਂਗ ਸਾਨ ਸੂ ਸਮੇਤ ਕਈ ਨੇਤਾਵਾਂ ਨੂੰ ਹਿਰਾਸਤ ਵਿੱਚ ਲੈ ਕੇ ਤਖ਼ਤਾ ਪਲਟੇ ਜਾਣ ਮਗਰੋਂ ਉਥਲ-ਪੁਥਲ ਮੱਚੀ ਹੋਈ ਹੈ। ਰੋਜ਼ਾਨਾ ਹੋ ਰਹੇ ਪ੍ਰਦਰਸ਼ਨਾਂ ਅਤੇ ਸੁਰੱਖਿਆ ਬਲਾਂ ਦੀਆਂ ਕਾਰਵਾਈਆਂ ਕਾਰਨ ਵਪਾਰ ਠੱਪ ਹੋ ਰਿਹਾ ਹੈ ਤੇ ਪ੍ਰਸ਼ਾਸਨ ਦਾ ਨਾਮੋ ਨਿਸ਼ਾਨ ਨਹੀਂ ਦਿੱਖ ਰਿਹਾ। ਸੰਯੁਕਤ ਰਾਸ਼ਟਰ ਮੁਤਾਬਕ ਮੀਆਂਮਾਰ ਦੇ ਸੁਰੱਖਿਆ ਬਲਾਂ ਦੀ ਕਾਰਵਾਈ ਵਿੱਚ 50 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।