ਨਵੀਂ ਦਿੱਲੀ: ਚੀਨੀ ਵਿਦੇਸ਼ ਵਾਂਗ ਯੀ ਨੇ ਕਿਹਾ ਕਿ ਚੀਨ ਤੇ ਭਾਰਤ ਇਕ ਦੂਜੇ ਦੇ ਦੋਸਤ ਤੇ ਸਾਂਝੇਦਾਰ ਹਨ। ਇਕ ਦੂਜੇ ਲਈ ਖਤਰਾ ਨਹੀਂ ਹੈ। ਪੈਂਗੋਂਗ ਡਿਸਇੰਗੇਜਮੈਂਟ ਤੋਂ ਬਾਅਦ ਇਹ ਵਾਂਗ ਯੀ ਦੀ ਭਾਰਤ-ਚੀਨ ਰਿਸ਼ਤਿਆਂ 'ਤੇ ਪਹਿਲੀ ਟਿੱਪਣੀ ਹੈ। ਵਾਂਗ ਯੀ ਨੇ ਕਿਹਾ ਕਿ ਚੀਨ-ਭਾਰਤ ਸਬੰਧ ਦੁਨੀਆਂ ਦੇ ਦੋ ਸਭ ਤੋਂ ਵਿਕਾਸਸ਼ੀਲ ਦੇਸ਼ ਇਕੱਠੇ ਮਿਲ ਕੇ ਵਿਕਾਸ ਤੇ ਕਾਇਆਕਲਪ ਨੂੰ ਅੱਗੇ ਵਧਾਉਂਦੇ ਹਨ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਚੀਨ 'ਚ ਨਿਯੁਕਤ ਭਾਰਤ ਦੇ ਰਾਜਦੂਤ ਵਿਕਰਮ ਮਿਸਤਰੀ ਨੇ ਚੀਨੀ ਉਪ ਵਿਦੇਸ਼ ਮੰਤਰੀ ਲੁਓ ਝਾਓਹੁਈ ਨਾਲ ਮੁਲਾਕਾਤ ਕੀਤੀ। ਉਨ੍ਹਾਂ ਪੂਰਬੀ ਲੱਦਾਖ ਦੇ ਬਾਕੀ ਹਿੱਸਿਆਂ ਤੋਂ ਦੋਵਾਂ ਦੇਸ਼ਾਂ ਦੀਆਂ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਕਰਨ ਦੀ ਲੋੜ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਸਰਹੱਦ 'ਤੇ ਸ਼ਾਂਤੀ ਤੇ ਸਥਿਰਤਾ ਬਹਾਲ ਕਰਨ 'ਚ ਮਦਦ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਨਾਲ ਦੋਪੱਖੀ ਸਬੰਧਾਂ 'ਚ ਪ੍ਰਗਤੀ ਲਈ ਅਨੁਕੂਲ ਮਾਹੌਲ ਵੀ ਬਣੇਗਾ।
ਦੋਵਾਂ ਦੇਸ਼ਾਂ ਦੀਆਂ ਫੌਜਾਂ ਤੇ ਫੌਜੀ ਸਾਜੋ ਸਮਾਨ ਨੂੰ ਪੂਰਬੀ ਲੱਦਾਖ 'ਚ ਪੈਂਗੌਂਗ ਝੀਲ ਦੇ ਉੱਤਰੀ ਤੇ ਦੱਖਣੀ ਤਟਾਂ ਤੋਂ ਹਟਾਇਆ ਜਾਣਾ ਪੂਰਾ ਹੋਣ ਦੇ ਕੁਝ ਦਿਨਾਂ ਬਾਦ ਉਨ੍ਹਾਂ ਦੀ ਇਹ ਮੁਲਾਕਾਤ ਹੋਈ ਸੀ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਪਿਛਲੇ ਹਫਤੇ ਕਰੀਬ 75 ਮਿੰਟ ਤਕ ਟੈਲੀਫੋਨ 'ਤੇ ਗੱਲਬਾਤ ਕੀਤੀ ਸੀ। ਜੈਸ਼ੰਕਰ ਨੇ ਵਾਂਗ ਨੂੰ ਕਿਹਾ ਸੀ ਕਿ ਦੋ-ਪੱਖੀ ਸਬੰਧਾਂ ਦੇ ਵਿਕਾਸ ਲਈ ਸਰਹੱਦ 'ਤੇ ਸ਼ਾਂਤੀ ਤੇ ਸਥਿਰਤਾ ਜ਼ਰੂਰੀ ਹੈ।