ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਇੱਕ ਮਹੱਤਵਪੂਰਨ ਸਪੱਸ਼ਟੀਕਰਨ ਜਾਰੀ ਕੀਤਾ ਹੈ, ਜਿਸ ਨਾਲ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। EPFO ਨੇ ਸਾਫ਼ ਕੀਤਾ ਹੈ ਕਿ ਇੱਕ ਨੌਕਰੀ ਛੱਡਣ ਅਤੇ ਦੂਜੀ ਨੌਕਰੀ ਜੁਆਇਨ ਕਰਨ ਦੇ ਦਰਮਿਆਨ ਜੇ ਸਿਰਫ਼ ਸ਼ਨੀਵਾਰ, ਐਤਵਾਰ ਜਾਂ ਘੋਸ਼ਿਤ ਛੁੱਟੀਆਂ ਆਉਂਦੀਆਂ ਹਨ, ਤਾਂ ਉਨ੍ਹਾਂ ਨੂੰ ‘ਸੇਵਾ ਵਿੱਚ ਬ੍ਰੇਕ’ ਨਹੀਂ ਮੰਨਿਆ ਜਾਵੇਗਾ।
ਇਹ ਨਿਯਮ ਕਰਮਚਾਰੀਆਂ ਦੀ ਜਮ੍ਹਾਂ ਰਕਮ ਨਾਲ ਜੁੜੀ ਬੀਮਾ (EDLI) ਸਕੀਮ ਹੇਠ ਡੈਥ ਕਲੇਮ ਨਾਲ ਸੰਬੰਧਿਤ ਮਾਮਲਿਆਂ ਵਿੱਚ ਲਾਗੂ ਹੋਵੇਗਾ। EPFO ਵੱਲੋਂ ਇਹ ਸਰਕੁਲਰ 17 ਦਸੰਬਰ 2025 ਨੂੰ ਜਾਰੀ ਕੀਤਾ ਗਿਆ ਹੈ, ਜਿਸ ਦਾ ਮਕਸਦ ਲਗਾਤਾਰ ਸੇਵਾ ਨੂੰ ਲੈ ਕੇ ਬਣੀ ਉਲਝਣ ਨੂੰ ਦੂਰ ਕਰਨਾ ਹੈ।
EPFO ਨੇ ਕੀ ਕਿਹਾ?
EPFO ਨੇ ਦੱਸਿਆ ਕਿ ਕਈ ਮਾਮਲਿਆਂ ਵਿੱਚ ਦੇਖਿਆ ਗਿਆ ਸੀ ਕਿ ਬਹੁਤ ਹੀ ਛੋਟੇ ਗੈਪ ਨੂੰ ਵੀ ਸੇਵਾ ਵਿੱਚ ਬ੍ਰੇਕ ਮੰਨ ਲਿਆ ਜਾਂਦਾ ਸੀ, ਜਿਸ ਕਾਰਨ EDLI ਦਾ ਪੂਰਾ ਲਾਭ ਨਹੀਂ ਮਿਲ ਪਾਉਂਦਾ ਸੀ ਜਾਂ ਕਲੇਮ ਰੱਦ ਹੋ ਜਾਂਦੇ ਸਨ।
ਇੱਕ ਮਾਮਲੇ ਵਿੱਚ ਕਰਮਚਾਰੀ ਨੇ ਸ਼ੁੱਕਰਵਾਰ ਨੂੰ ਇੱਕ ਸੰਸਥਾ ਤੋਂ ਨੌਕਰੀ ਛੱਡੀ ਅਤੇ ਸੋਮਵਾਰ ਨੂੰ ਦੂਜੀ EPF-ਕਵਰਡ ਕੰਪਨੀ ਜੁਆਇਨ ਕੀਤੀ, ਪਰ ਵਿਚਕਾਰ ਆਉਣ ਵਾਲੇ ਸ਼ਨੀਵਾਰ-ਐਤਵਾਰ ਨੂੰ ਬ੍ਰੇਕ ਮੰਨ ਲਿਆ ਗਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ 12 ਮਹੀਨੇ ਤੋਂ ਵੱਧ ਦੀ ਕੁੱਲ ਸੇਵਾ ਹੋਣ ਦੇ ਬਾਵਜੂਦ ਵੀ ਪਰਿਵਾਰ ਨੂੰ EDLI ਦਾ ਲਾਭ ਨਹੀਂ ਮਿਲਿਆ। ਇਸ ਤਰ੍ਹਾਂ ਦੀਆਂ ਗੜਬੜੀਆਂ ਨੂੰ ਦੂਰ ਕਰਨ ਲਈ ਹੀ EPFO ਨੇ ਇਹ ਨਵਾਂ ਸਪਸ਼ਟੀਕਰਨ ਜਾਰੀ ਕੀਤਾ ਹੈ।
ਨਵੀਂ ਗਾਈਡਲਾਈਨ ਕੀ ਹੈ?
ਨਵੀਂ ਗਾਈਡਲਾਈਨ ਮੁਤਾਬਕ, ਜੇ ਦੋ ਨੌਕਰੀਆਂ ਦੇ ਦਰਮਿਆਨ ਅੰਤਰ ਸਿਰਫ਼ ਹਫਤਾਵਾਰ ਛੁੱਟੀ, ਰਾਸ਼ਟਰੀ ਛੁੱਟੀ, ਸਟੇਟ ਲੇਵਲ ਦੀ ਛੁੱਟੀ, ਰਾਜੀ ਜਾਂ ਪਾਬੰਦੀਸ਼ੁਦਾ ਛੁੱਟੀਆਂ ਕਰਕੇ ਹੈ, ਤਾਂ ਉਸ ਨੂੰ ਲਗਾਤਾਰ ਸੇਵਾ ਦਾ ਹਿੱਸਾ ਮੰਨਿਆ ਜਾਵੇਗਾ।
ਅਰਥਾਤ, ਜੇ ਕੋਈ ਕਰਮਚਾਰੀ ਇੱਕ EPF-ਕਵਰਡ ਕੰਪਨੀ ਛੱਡ ਕੇ ਛੁੱਟੀਆਂ ਤੋਂ ਤੁਰੰਤ ਬਾਅਦ ਇਸੇ ਤਰ੍ਹਾਂ ਦੀ ਕਿਸੇ ਹੋਰ ਕੰਪਨੀ ਵਿੱਚ ਨੌਕਰੀ ਜੁਆਇਨ ਕਰਦਾ ਹੈ, ਤਾਂ ਉਸ ਦੀ ਸੇਵਾ ਲਗਾਤਾਰ ਮੰਨੀ ਜਾਵੇਗੀ। ਸੌਖੀ ਭਾਸ਼ਾ ਵਿੱਚ ਕਹੀਏ ਤਾਂ ਸ਼ੁੱਕਰਵਾਰ ਨੂੰ ਨੌਕਰੀ ਛੱਡ ਕੇ ਸੋਮਵਾਰ ਨੂੰ ਨਵੀਂ ਨੌਕਰੀ ਜੁਆਇਨ ਕਰਨ ‘ਤੇ EDLI ਦੀ ਯੋਗਤਾ ‘ਤੇ ਕੋਈ ਅਸਰ ਨਹੀਂ ਪਵੇਗਾ।
ਇਸ ਤੋਂ ਇਲਾਵਾ EPFO ਨੇ ਹਾਲ ਹੀ ਵਿੱਚ EDLI ਨਾਲ ਸੰਬੰਧਿਤ ਕੁਝ ਹੋਰ ਬਦਲਾਅ ਵੀ ਲਾਗੂ ਕੀਤੇ ਹਨ। ਹੁਣ ਉਹਨਾਂ ਕਰਮਚਾਰੀਆਂ ਦੇ ਆਸ਼੍ਰਿਤਾਂ ਨੂੰ ਵੀ ਘੱਟੋ-ਘੱਟ ₹50,000 ਦਾ ਲਾਭ ਮਿਲੇਗਾ, ਜਿਨ੍ਹਾਂ ਨੇ ਲਗਾਤਾਰ 12 ਮਹੀਨੇ ਸੇਵਾ ਨਹੀਂ ਦਿੱਤੀ ਸੀ ਅਤੇ ਜਿਨ੍ਹਾਂ ਦਾ ਔਸਤ PF ਬੈਲੈਂਸ ₹50,000 ਤੋਂ ਘੱਟ ਸੀ।
ਇਸਦੇ ਨਾਲ ਹੀ, ਜੇ ਕਿਸੇ ਕਰਮਚਾਰੀ ਦੀ ਮੌਤ ਆਖਰੀ ਯੋਗਦਾਨ ਦੇ ਛੇ ਮਹੀਨਿਆਂ ਦੇ ਅੰਦਰ ਹੋ ਜਾਂਦੀ ਹੈ ਅਤੇ ਉਹ ਹਾਲੇ ਵੀ ਕੰਪਨੀ ਦੇ ਰੋਲ ‘ਤੇ ਦਰਜ ਹੈ, ਤਾਂ ਉਸ ਦੇ ਪਰਿਵਾਰ ਨੂੰ EDLI ਦਾ ਲਾਭ ਮਿਲੇਗਾ।
EPFO ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਵੱਖ-ਵੱਖ EPF-ਕਵਰਡ ਸੰਸਥਾਵਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਦਰਮਿਆਨ ਜੇ 60 ਦਿਨਾਂ ਤੱਕ ਦਾ ਅੰਤਰ ਵੀ ਹੋਵੇ, ਤਾਂ ਉਸ ਨੂੰ ਵੀ ਲਗਾਤਾਰ ਸੇਵਾ ਮੰਨਿਆ ਜਾਵੇਗਾ। ਇਹ ਕਦਮ ਲੱਖਾਂ EPFO ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ।