1987 Punjab Bank Robbery: ਸਾਲ 1987 'ਚ ਖਾਲਿਸਤਾਨੀਆਂ ਨੇ ਲੁਧਿਆਣਾ ਵਿੱਚ ਵੱਡੀ ਬੈਂਕ ਡਕੈਤੀ ਕੀਤੀ ਸੀ। ਇਸ ਦੌਰਾਨ ਉਹ ਬੋਰੀਆਂ ਭਰ ਕੇ ਕਰੋੜਾਂ ਰੁਪਏ ਲੈ ਗਏ ਸੀ। ਇਹ ਡਕੈਤੀ 12 ਫਰਵਰੀ 1987 ਨੂੰ ਪੰਜਾਬ ਨੈਸ਼ਨਲ ਬੈਂਕ ਦੀ ਢੋਲੇਵਾਲ ਸ਼ਾਖਾ ਵਿੱਚ ਹੋਈ ਸੀ। ਇਸ ਕੇਸ ਵਿੱਚ 10 ਲੋਕ ਨਾਮਜ਼ਦ ਕੀਤੇ ਗਏ ਸੀ ਜਿਨ੍ਹਾਂ ਵਿੱਚ ਦਲਜੀਤ ਸਿੰਘ ਬਿੱਟੂ, ਗੁਰਸ਼ਰਨ ਸਿੰਘ ਗਾਮਾ, ਹਰਜਿੰਦਰ ਸਿੰਘ, ਮਾਨ ਸਿੰਘ, ਗੁਰਜੰਟ ਸਿੰਘ, ਬਲਵਿੰਦਰ ਸਿੰਘ, ਮੋਹਨ ਸਿੰਘ, ਸੇਵਾ ਸਿੰਘ, ਆਸ਼ਾ ਸਿੰਘ ਤੇ ਅਵਤਾਰ ਸਿੰਘ ਸ਼ਾਮਲ ਸਨ। ਬਾਅਦ ਵਿੱਚ ਸੁਪਰੀਮ ਕੋਰਟ ਨੇ ਇਨ੍ਹਾਂ ਨੂੰ ਬਰੀ ਕਰ ਦਿੱਤਾ ਸੀ।


ਡਕੈਤੀ ਦੇ ਤਿੰਨ ਦਿਨ ਬਾਅਦ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਗਈ ਸੀ। ਸੀਬੀਆਈ ਨੇ ਅਦਾਲਤ ਨੂੰ 450 ਗਵਾਹਾਂ ਦੀ ਸੂਚੀ ਸੌਂਪੀ ਸੀ। ਇਨ੍ਹਾਂ ਵਿੱਚੋਂ 196 ਗਵਾਹਾਂ ਨੇ ਅਦਾਲਤ ਵਿੱਚ ਗਵਾਹੀ ਦਿੱਤੀ। 1996 'ਚ ਇਸ ਮਾਮਲੇ 'ਚ ਛਿਟ-ਪੁਟ ਗ੍ਰਿਫਤਾਰੀਆਂ ਤੋਂ ਬਾਅਦ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਸੀ। ਫਿਰ ਡਕੈਤੀ ਦੇ ਮੁੱਖ ਮੁਲਜ਼ਮ ਦਲਜੀਤ ਸਿੰਘ ਬਿੱਟੂ ਤੇ ਗੁਰਸ਼ਰਨ ਸਿੰਘ ਗਾਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵਾਂ ਨੂੰ 2008 ਵਿੱਚ ਜ਼ਮਾਨਤ ਮਿਲ ਗਈ ਸੀ।


ਸਾਲ 2017 ਵਿੱਚ ਭਾਰਤ ਦੀ ਸੁਪਰੀਮ ਕੋਰਟ ਨੇ 1987 ਦੇ ਟਾਡਾ ਕੇਸ ਵਿੱਚ ਬੰਦ 10 ਬਜ਼ੁਰਗ ਸਿੱਖਾਂ ਨੂੰ ਬਰੀ ਕਰ ਦਿੱਤਾ ਸੀ। ਲੁਧਿਆਣਾ ਬੈਂਕ ਡਕੈਤੀ ਕੇਸ ‘ਚ 2012 ਵਿੱਚ ਲੁਧਿਆਣਾ ਦੀ ਅਦਾਲਤ ਨੇ ਫੈਸਲਾ ਸੁਣਾਉਂਦਿਆਂ 10 ਸਿੱਖਾਂ ਨੂੰ 10 ਸਾਲ ਦੀ ਸਜ਼ਾ ਸੁਣਾਈ ਸੀ।


ਉਸ ਵੇਲੇ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ 12 ਫਰਵਰੀ ਦੀ ਦੁਪਹਿਰ ਨੂੰ ਲੁੱਟ ਦੀ ਖ਼ਬਰ ਫੈਲ ਗਈ। ਇਸ ਮਗਰੋਂ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਸੀ। ਬੈਂਕ ਅੰਦਰ ਪੁਲਿਸ ਬੈਂਕ ਕਰਮਚਾਰੀਆਂ ਦੇ ਬਿਆਨ ਲੈਣ ਵਿੱਚ ਰੁੱਝੀ ਹੋਈ ਸੀ ਤੇ ਸੌ ਤੋਂ ਵੱਧ ਗਾਹਕ ਉੱਥੇ ਫਸੇ ਹੋਏ ਸਨ। ਸਾਰਿਆਂ ਦੇ ਚਿਹਰੇ 'ਤੇ ਡਰ ਸੀ। ਪੁਲਿਸ ਸਥਿਤੀ ਬਾਰੇ ਪੁੱਛ ਰਹੀ ਸੀ ਪਰ ਲੋਕ ਘਬਰਾਹਟ ਕਾਰਨ ਜ਼ਿਆਦਾ ਕੁਝ ਦੱਸਣ ਤੋਂ ਅਸਮਰੱਥ ਸਨ। ਬੈਂਕ ਵਿੱਚ ਮੌਜੂਦ ਲੋਕਾਂ ਨੇ ਦੱਸਿਆ ਕਿ ਲੁਟੇਰਿਆਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਉਨ੍ਹਾਂ ਨੇ ਸਾਰਿਆਂ ਨੂੰ ਜ਼ਮੀਨ 'ਤੇ ਸਿਰ ਝੁਕਾ ਕੇ ਬੈਠਣ ਲਈ ਕਿਹਾ। ਉੱਥੇ ਹਰ ਕੋਈ ਇਹੀ ਕਹਿ ਰਿਹਾ ਸੀ ਕਿ ਸ਼ੁਕਰ ਹੈ ਅਸੀਂ ਬਚ ਗਏ।


ਲੁੱਟ ਦੌਰਾਨ ਬੈਂਕ 'ਚ ਫਸੇ ਗਾਹਕਾਂ ਦੇ ਬਿਆਨਾਂ ਮੁਤਾਬਕ ਕਈ ਨਾਮੀ ਅੱਤਵਾਦੀ ਬੈਂਕ 'ਚ ਦਾਖਲ ਹੋਏ। ਉਨ੍ਹਾਂ ਨੇ ਬੈਂਕ ਦੇ ਬਾਹਰ ਟਰੱਕ ਖੜ੍ਹਾ ਕੀਤਾ ਸੀ। ਬੈਂਕ ਦੇ ਸਾਰੇ ਗਾਰਡਾਂ ਨੂੰ ਲਿਟਾ ਗਿਆ। ਗਾਹਕਾਂ ਨੂੰ ਬੈਂਕ ਦੇ ਅੰਦਰ ਹੀ ਬੈਠਾ ਦਿੱਤਾ ਗਿਆ। ਇਸ ਤੋਂ ਬਾਅਦ ਸਟਰਾਂਗ ਰੂਮ ਦੇ ਅੰਦਰ ਪਈ ਸਾਰੀ ਨਕਦੀ ਬੋਰੀਆਂ ਤੇ ਰਜਾਈਆਂ ਦੇ ਗਲਾਫਾਂ ਵਿੱਚ ਭਰ ਲਈ ਗਈ। ਦੁਪਹਿਰ ਕਰੀਬ ਡੇਢ ਵਜੇ ਤੱਕ ਬੈਂਕ ਵਿੱਚ ਡਕੈਤੀ ਦਾ ਸਿਲਸਿਲਾ ਜਾਰੀ ਰਿਹਾ।


ਇਲਾਕੇ ਦੇ ਲੋਕ ਸਮਝਦੇ ਰਹੇ ਕਿ ਬਾਹਰ ਖੜ੍ਹੇ ਟਰੱਕ ਵਿੱਚ ਬੈਂਕ ਸਟੇਸ਼ਨਰੀ ਲੋਡ ਕੀਤੀ ਜਾ ਰਹੀ ਹੈ। ਇਸ ਸਬੰਧੀ ਜਦੋਂ ਦਫ਼ਤਰ ਨੂੰ ਫ਼ੋਨ 'ਤੇ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਨੇ ਸੋਚਿਆ ਕਿ ਸ਼ਾਇਦ 5 ਲੱਖ ਰੁਪਏ ਦੀ ਲੁੱਟ ਹੋਈ ਹੋਵੇਗੀ। ਕਿਸੇ ਨੂੰ ਯਕੀਨ ਨਹੀਂ ਸੀ ਕਿ ਇਹ ਲੁੱਟ 5 ਕਰੋੜ ਰੁਪਏ ਦੀ ਹੋਵੇਗੀ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਤਹਿਲਕਾ ਮੱਚ ਗਿਆ।