Shaheedi Jor Mela Fatehgarh Sahib:  ਦਸਮਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ 26 ਦਸੰਬਰ ਤੋਂ 28 ਦਸੰਬਰ ਤੱਕ ਆਯੋਜਿਤ ਕੀਤੀ ਗਈ ਸਲਾਨਾ ਸ਼ਹੀਦੀ ਸਭਾ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਰਵਾਏ ਗਏ ਫੋਟੋਗ੍ਰਾਫੀ ਮੁਕਾਬਲਿਆਂ ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ। 




ਇਨ੍ਹਾਂ ਫੋਟੋਗ੍ਰਾਫੀ ਮੁਕਾਬਲਿਆਂ ਲਈ ਗਠਿਤ ਕੀਤੀ ਗਈ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਜੇਤੂਆਂ ਦਾ ਐਲਾਨ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੀਤਾ ਗਿਆ। ਇਥੇ ਵਰਨਣਯੋਗ ਹੈ ਕਿ ਫੋਟੋਗ੍ਰਾਫੀ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਅਕਤੀਆਂ ਨੂੰ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਵੱਲੋਂ ਸਨਮਾਨਤ ਕੀਤਾ ਜਾਵੇਗਾ।




 ਇਹ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਪੰਜਾਬ ਦੇ ਫੀਲਡ ਅਫਸਰ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸ਼ਹੀਦੀ ਸਭਾ ਦੌਰਾਨ ਭਾਵਨਾਵਾਂ ਦਾ ਸਮੁੰਦਰ, ਸੇਵਾ ਦਾ ਸਤਿਕਾਰ, ਪਾਲਕੀ ਸਾਹਿਬ ਦਾ ਸਫਰ ਅਤੇ ਸਵੱਛਤਾ ਹੀ ਸੇਵਾ, ਚਾਰ ਵਿਸ਼ਿਆਂ ਤੇ ਫੋਟੋਗ੍ਰਾਫੀ ਮੁਕਾਬਲੇ ਕਰਵਾਏ ਗਏ ਸਨ। ਜਿਸ ਵਿੱਚ ਵੱਡੀ ਗਿਣਤੀ ਨਾਗਰਿਕਾਂ ਨੇ ਭਾਗ ਲਿਆ ਹੈ।


ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ " ਭਾਵਨਾਵਾਂ ਦਾ ਸਮੁੰਦਰ "  ਵਿਸ਼ੇ ਤੇ ਕਰਵਾਏ ਫੋਟੋਗ੍ਰਾਫੀ ਮੁਕਾਬਲੇ ਵਿੱਚ ਮਨਦੀਪ ਸਿੰਘ ਪਹਿਲੇ, ਗੁਰਿੰਦਰ ਸਿੰਘ ਦੂਜੇ ਅਤੇ ਬਲਵਿੰਦਰ ਸਿੰਘ ਤੀਜੇ ਸਥਾਨ ਤੇ ਰਿਹਾ ਹੈ। ਜਦੋਂ ਕਿ " ਸੇਵਾ ਦਾ ਸਤਿਕਾਰ " ਵਿਸ਼ੇ ਦੇ ਮੁਕਾਬਲੇ ਵਿੱਚ ਦਿਨੇਸ਼ ਕੁਮਾਰ ਪਹਿਲੇ, ਅਮਨਦੀਪ ਸਿੰਘ ਦੂਜੇ ਅਤੇ ਰਾਜਵੀਰ ਸਿੰਘ ਤੀਜੇ ਸਥਾਨ ਤੇ ਰਿਹਾ। 




" ਪਾਲਕੀ ਸਾਹਿਬ ਦਾ ਸਫਰ" ਵਿਸ਼ੇ ਤੇ ਕਰਵਾਏ ਫੋਟੋਗ੍ਰਾਫੀ ਮੁਕਾਬਲੇ ਵਿੱਚ ਗੁਰਪ੍ਰੀਤ ਸਿੰਘ ਦੂਜੇ ਅਤੇ ਅਰਸ਼ਦੀਪ ਸਿੰਘ ਤੇ ਅਵਿਨਾਸ਼ ਧੀਮਾਨ ਤੀਜੇ ਸਥਾਨ ਤੇ ਰਹੇ ਹਨ। ਇਸੇ ਤਰ੍ਹਾਂ "ਸਵੱਛਤਾ ਹੀ ਸੇਵਾ " ਵਿਸ਼ੇ ਦੇ ਫੋਟੋਗ੍ਰਾਫੀ ਮੁਕਾਬਲੇ ਵਿੱਚ ਮਹਾਵੀਰ ਸਿੰਘ ਨੂੰ ਜੇਤੂ ਘੋਸ਼ਿਤ ਕੀਤਾ ਗਿਆ। 


ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਰਵਾਏ ਇਸ ਫੋਟੋਗ੍ਰਾਫੀ ਮੁਕਾਬਲੇ ਵਿੱਚ ਇੱਕ ਪ੍ਰਤੀਯੋਗੀ ਦਵਿੰਦਰ ਸਿੰਘ ਨੂੰ ਵੀ ਸਨਮਾਨਤ ਕੀਤਾ ਜਾਵੇਗਾ। ਕਿਉਂਕਿ ਭਾਵੇਂ ਇਸ ਫੋਟੋਗ੍ਰਾਫਰ ਨੇ ਉਕਤ ਵਿਸ਼ਿਆਂ ਤੇ ਫੋਟੋ ਨਹੀਂ ਜਮ੍ਹਾਂ ਕਰਵਾਈਆਂ ਸਨ ਪ੍ਰੰਤੂ ਉਸ ਵੱਲੋਂ ਕੈਮਰੇ ਦੀ ਅੱਖ ਦੇ ਕੀਤੇ ਪ੍ਰਦਰਸ਼ਨ ਕਾਰਨ ਉਸ ਦੀਆਂ ਫੋਟੋਆਂ ਵੀ ਬਹੁਤ ਹੀ ਦਿਲ ਖਿਚਵੀਂਆਂ ਸਨ।




ਪ੍ਰਸ਼ਾਸ਼ਨ ਵੱਲੋਂ ਕਰਵਾਏ ਫੋਟੋਗ੍ਰਾਫੀ ਮੁਕਾਬਲੇ ਦੇ ਜੇਤੂ ਨੂੰ 10,000/- ਰੁਪਏ, ਦੂਜੇ ਸਥਾਨ ਲਈ 6000/- ਰੁਪਏ ਅਤੇ ਤੀਸਰੇ ਸਥਾਨ ਲਈ 4000/-ਰੁਪਏ ਦੇ ਨਗਦ ਇਨਾਮ ਰੱਖੇ ਗਏ ਸਨ। ਜੋ ਕਿ ਇਨ੍ਹਾਂ ਜੇਤੂਆਂ ਨੂੰ ਛੇਤੀ ਹੀ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਜਾਣਗੇ।


ਫੋਟੋਗ੍ਰਾਫੀ ਦੇ ਮੁਕਾਬਲਿਆਂ ਵਿੱਚ ਜੇਤੂ ਕਰਾਰ ਦਿੱਤੀਆਂ ਗਈਆਂ ਤਸਵੀਰਾਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਪ੍ਰਕਾਸ਼ਿਤ ਕੀਤੇ ਜਾਣ ਵਾਲੇ "ਕਾਫੀ ਟੇਬਲ ਬੁੱਕ " ਵਿੱਚ ਵੀ ਛਾਪਿਆ ਜਾਵੇਗਾ। ਪ੍ਰਸ਼ਾਸ਼ਨ ਵੱਲੋਂ ਕਰਵਾਏ ਗਏ ਇਸ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡ ਸਮਾਰੋਹ ਬਾਰੇ ਛੇਤੀ ਹੀ ਸੂਚਨਾ ਦਿੱਤੀ ਜਾਵੇਗੀ।