Patiala News: ਪਟਿਆਲਾ ਦੇ ਮੁੜ ਬੇਅਦਬੀ ਦੀ ਕੋਸ਼ਿਸ਼ ਹੋਈ ਹੈ। ਨੇਪਾਲ ਵਾਸੀ ਸ਼ਰਾਬੀ ਨੌਜਵਾਨ ਜੁੱਤੀਆਂ ਸਣੇ ਗੁਰਦੁਆਰੇ ਵਿੱਚ ਦਾਖਲ ਹੋਇਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਲੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਲੱਗਾ। ਸੰਗਤ ਨੇ ਉਸ ਨੂੰ ਦਬੋਚ ਲਿਆ ਤੇ ਉਸ ਦੀ ਕੁੱਟਮਾਰ ਕੀਤੀ ਗਈ। ਨੇਪਾਲ ਨੌਜਵਾਨ ਨੇ ਦੱਸਿਆ ਹੈ ਕਿ ਉਸ ਨੂੰ ਕਿਸੇ ਨੇ ਸ਼ਰਾਬ ਪਿਆ ਕੇ ਇੱਥੇ ਭੇਜਿਆ ਸੀ।
ਹਾਸਲ ਜਾਣਕਾਰੀ ਮੁਤਾਬਕ ਤ੍ਰਿਪੜੀ ਵਿਚਲੇ ਪ੍ਰੀਤ ਨਗਰ ਵਿੱਚ ਗੁਰਦੁਆਰੇ ਵਿੱਚ ਬੇਅਦਬੀ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਗਈ। ਇਸ ਗੁਰਦੁਆਰੇ ਦੀ ਉਪਰਲੀ ਮੰਜ਼ਲ ’ਤੇ ਸ਼ਰਾਬੀ ਹਾਲਤ ’ਚ ਇੱਕ ਨੌਜਵਾਨ ਜੁੱਤੀਆਂ ਪਾ ਕੇ ਚੜ੍ਹ ਗਿਆ। ਇਸ ਮਗਰੋਂ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਾਲੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਸਾਹਮਣੇ ਵਾਲੇ ਘਰ ਵਿੱਚ ਰਹਿੰਦੇ ਪਰਿਵਾਰ ਵੱਲੋਂ ਸੂਚਨਾ ਦੇਣ ਤੋਂ ਬਾਅਦ ਇਸ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ।
ਇਸ ਤੋਂ ਬਾਅਦ ਰੋਹ ’ਚ ਆਈ ਸੰਗਤ ਨੇ ਉਸ ਦੀ ਕੁੱਟਮਾਰ ਕੀਤੀ ਤੇ ਚੌਕ ’ਚ ਧਰਨਾ ਦਿੱਤਾ। ਉਨ੍ਹਾਂ ਇਸ ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ। ਇਸ ਨੌਜਵਾਨ ਨੇ ਆਪਣੀ ਪਛਾਣ ਮੋਹਣ ਵਾਸੀ ਨੇਪਾਲ ਵਜੋਂ ਦੱਸੀ। ਗ੍ਰੰਥੀ ਸਿੰਘ ਤੇ ਹੋਰ ਸ਼ਰਧਾਲੂਆਂ ਨੇ ਦੱਸਿਆ ਕਿ ਇਹ ਨੌਜਵਾਨ ਪਾਈਪ ਦੇ ਸਹਾਰੇ ਉਪਰ ਚੜ੍ਹਿਆ ਤੇ ਉਸ ਕਮਰੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ ਕੀਤੀ, ਜਿਸ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸੁਸ਼ੋਭਿਤ ਸੀ ਪਰ ਸ਼ਰਧਾਲੂ ਵੱਲੋਂ ਉਸ ਨੂੰ ਦਬੋਚ ਲਿਆ ਗਿਆ। ਉਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਜੁੱਤੀ ਵੀ ਪਾਈ ਹੋਈ ਸੀ।
ਗ੍ਰੰਥੀ ਸਿੰਘ ਅਨੁਸਾਰ ਨੇਪਾਲ ਵਾਸੀ ਨੇ ਦੱਸਿਆ ਕਿ ਉਹ ਰੋਟੀ ਖਾਣ ਆਇਆ ਸੀ ਜਿਸ ਲਈ ਉਸ ਨੇ ਇਕ ਵਿਅਕਤੀ ਤੋਂ ਰੋਟੀ ਮੰਗੀ ਤਾਂ ਉਸ ਨੇ ਸ਼ਰਾਬ ਪਿਲਾ ਦਿੱਤੀ ਤੇ ਦੂਰੋਂ ਹੀ ਨਿਸ਼ਾਨ ਸਾਹਿਬ ਵਿਖਾਉਂਦਿਆਂ, ਉਸ ਨੂੰ ਇਹ ਕਹਿ ਕੇ ਉਥੇ ਜਾਣ ਲਈ ਆਖਿਆ ਕਿ ਉਥੇ ਰੋਟੀ ਮਿਲ ਜਾਵੇਗੀ।
ਐਸਪੀ (ਸਿਟੀ) ਸਰਫਰਾਜ਼ ਆਲਮ, ਡੀਐਸਪੀ ਜਸਵਿੰਦਰ ਟਿਵਾਣਾ ਤੇ ਇੰਸਪੈਕਟਰ ਪਰਦੀਪ ਬਾਜਵਾ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ। ਉਧਰ ਐਸਐਸਪੀ ਵਰੁਣ ਸ਼ਰਮਾ ਦਾ ਵੀ ਕਹਿਣਾ ਸੀ ਕਿ ਇਸ ਮਾਮਲੇ ਦੀ ਅਸਲੀਅਤ ਨੂੰ ਸਾਹਮਣੇ ਲਿਆਂਦਾ ਜਾਵੇਗਾ।