Stock Market Closing On 22 April 2024: ਇਸ ਹਫਤੇ ਦੀ ਸ਼ੁਰੂਆਤ ਭਾਰਤੀ ਸ਼ੇਅਰ ਬਾਜ਼ਾਰ ਲਈ ਬਹੁਤ ਚੰਗੀ ਰਹੀ। ਕੰਪਨੀਆਂ ਦੇ ਸ਼ਾਨਦਾਰ ਤਿਮਾਹੀ ਨਤੀਜਿਆਂ, ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਅਤੇ ਗਲੋਬਲ ਸੰਕੇਤਾਂ ਕਾਰਨ ਬਾਜ਼ਾਰ 'ਚ ਨਿਵੇਸ਼ਕਾਂ ਦੀ ਭਾਰੀ ਖਰੀਦਦਾਰੀ ਦੇਖਣ ਨੂੰ ਮਿਲੀ। ਐੱਫ.ਐੱਮ.ਸੀ.ਜੀ. ਅਤੇ ਕੰਜ਼ਿਊਮਰ ਡਿਊਰੇਬਲਸ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਬਾਜ਼ਾਰ 'ਚ ਇਹ ਵਾਧਾ ਦੇਖਣ ਨੂੰ ਮਿਲਿਆ ਹੈ। 


ਨਿਫਟੀ ਮਿਡਕੈਪ ਇੰਡੈਕਸ 49,000 ਦੇ ਅੰਕੜੇ ਨੂੰ ਪਾਰ ਕਰਨ 'ਚ ਸਫਲ ਰਿਹਾ ਹੈ। ਅੱਜ ਦੇ ਕਾਰੋਬਾਰ ਦੇ ਅੰਤ 'ਚ ਬੀ.ਐੱਸ.ਈ. ਦਾ ਸੈਂਸੈਕਸ 560 ਅੰਕਾਂ ਦੇ ਉਛਾਲ ਨਾਲ 73,648 ਅੰਕਾਂ 'ਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 190 ਅੰਕਾਂ ਦੀ ਛਾਲ ਨਾਲ 22,336 ਅੰਕਾਂ 'ਤੇ ਬੰਦ ਹੋਇਆ।


ਦੱਸ ਦਈਏ ਕਿ ਭਾਰਤੀ ਸਟਾਕ ਮਾਰਕੀਟ 'ਚ ਨਿਵੇਸ਼ਕਾਂ ਵੱਲੋਂ ਖਰੀਦਦਾਰੀ ਦੀ ਵਾਪਸੀ ਕਾਰਨ ਬਾਜ਼ਾਰ 'ਚ ਮਜ਼ਬੂਤ ​​ਵਾਧੇ ਕਾਰਨ ਬਾਜ਼ਾਰ ਪੂੰਜੀਕਰਣ ਵਧਿਆ ਹੈ। ਬੀਐਸਈ 'ਤੇ ਸੂਚੀਬੱਧ ਸਟਾਕਾਂ ਦਾ ਮਾਰਕੀਟ ਕੈਪ 397.86 ਲੱਖ ਕਰੋੜ ਰੁਪਏ 'ਤੇ ਬੰਦ ਹੋਇਆ, ਜੋ ਪਿਛਲੇ ਵਪਾਰਕ ਸੈਸ਼ਨ 'ਚ 393.47 ਲੱਖ ਕਰੋੜ ਰੁਪਏ ਸੀ। ਅੱਜ ਦੇ ਕਾਰੋਬਾਰੀ ਸੈਸ਼ਨ 'ਚ ਮਾਰਕੀਟ ਕੈਪ 'ਚ 4.39 ਲੱਖ ਕਰੋੜ ਰੁਪਏ ਦਾ ਉਛਾਲ ਦੇਖਣ ਨੂੰ ਮਿਲਿਆ।


ਬਾਜ਼ਾਰ 'ਚ ਸਭ ਤੋਂ ਜ਼ਿਆਦਾ ਉਛਾਲ ਕੰਜ਼ਿਊਮਰ ਡਿਊਰੇਬਲਸ ਸ਼ੇਅਰਾਂ 'ਚ ਦੇਖਣ ਨੂੰ ਮਿਲਿਆ ਹੈ, ਜਿਸ ਕਾਰਨ ਨਿਫਟੀ ਕੰਜ਼ਿਊਮਰ ਡਿਊਰੇਬਲਸ ਇੰਡੈਕਸ 'ਚ 2.40 ਫੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਐਫਐਮਸੀਜੀ, ਹੈਲਥਕੇਅਰ, ਆਇਲ ਐਂਡ ਗੈਸ, ਐਨਰਜੀ, ਫਾਰਮਾ, ਆਟੋ, ਆਈਟੀ, ਬੈਂਕਿੰਗ ਸੈਕਟਰ ਦੇ ਸ਼ੇਅਰ ਵੀ ਤੇਜ਼ੀ ਨਾਲ ਬੰਦ ਹੋਏ। 


ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਖਰੀਦਦਾਰੀ ਕਾਰਨ ਦੋਵੇਂ ਸੂਚਕ ਅੰਕ ਮਜ਼ਬੂਤੀ ਨਾਲ ਬੰਦ ਹੋਏ। ਨਿਫਟੀ ਦੇ 50 ਸਟਾਕਾਂ 'ਚੋਂ 44 ਵਾਧੇ ਦੇ ਨਾਲ ਬੰਦ ਹੋਏ ਅਤੇ ਸਿਰਫ 6 ਘਾਟੇ ਨਾਲ ਬੰਦ ਹੋਏ। ਜਦੋਂ ਕਿ ਸੈਂਸੈਕਸ ਦੇ 30 ਸ਼ੇਅਰਾਂ 'ਚੋਂ 27 ਵਾਧੇ ਨਾਲ ਅਤੇ 3 ਗਿਰਾਵਟ ਨਾਲ ਬੰਦ ਹੋਏ।


ਜ਼ਿਕਰ ਕਰ ਦਈਏ ਕਿ ਲਾਰਸਨ ਦੇ ਸ਼ੇਅਰ 2.70 ਫੀਸਦੀ, ਐਕਸਿਸ ਬੈਂਕ 2.45 ਫੀਸਦੀ, ਬਜਾਜ ਫਾਈਨਾਂਸ 2.32 ਫੀਸਦੀ, ਐਸਬੀਆਈ 2.12 ਫੀਸਦੀ, ਵਿਪਰੋ 2.02 ਫੀਸਦੀ, ਇਨਫੋਸਿਸ 1.62 ਫੀਸਦੀ, ਐਚਸੀਐਲ ਟੈਕ 1.56 ਫੀਸਦੀ ਦੇ ਵਾਧੇ ਨਾਲ ਬੰਦ ਹੋਏ। ਜਦਕਿ NTPC 1.82 ਫੀਸਦੀ, JSW ਸਟੀਲ 1.08 ਫੀਸਦੀ, HDFC ਬੈਂਕ 1.04 ਫੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ।


ਇਹ ਵੀ ਪੜ੍ਹੋ-Stock Market Opening: ਸ਼ੇਅਰ ਬਜ਼ਾਰ ਦੀ ਸ਼ਾਨਦਾਰ ਸ਼ੁਰੂਆਤ, 73600 ਤੋਂ ਉੱਤੇ ਪਹੁੰਚਿਆ ਸੈਂਸੇਕਸ