LIC IPO Opening from Today: ਦੇਸ਼ ਦੀ ਸਭ ਤੋਂ ਵੱਡੀ ਜੀਵਨ ਬੀਮਾ ਕੰਪਨੀ ਐਲਆਈਸੀ (LIC) ਦਾ 21,000 ਕਰੋੜ ਰੁਪਏ ਦਾ ਆਈਪੀਓ (IPO) ਅੱਜ ਖੁੱਲ੍ਹੇਗਾ ਤੇ 9 ਮਈ ਨੂੰ ਬੰਦ ਹੋਵੇਗਾ। ਐਲਆਈਸੀ ਆਈਪੀਓ ਲਈ ਪ੍ਰਾਈਸ ਬੈਂਡ 902-949 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਗਿਆ ਹੈ। ਕੰਪਨੀ ਦੇ ਸ਼ੇਅਰ ਆਈਪੀਓ ਦੇ ਬੰਦ ਹੋਣ ਦੇ ਇੱਕ ਹਫ਼ਤੇ ਬਾਅਦ 17 ਮਈ ਨੂੰ ਸਟਾਕ ਐਕਸਚੇਂਜ 'ਚ ਸੂਚੀਬੱਧ ਕੀਤੇ ਜਾਣਗੇ। ਐਲਆਈਸੀ ਦੇ ਆਈਪੀਓ ਤੋਂ 21,000 ਕਰੋੜ ਰੁਪਏ ਜੁਟਾਏ ਜਾਣ ਦੀ ਉਮੀਦ ਹੈ।



ਐਲਆਈਸੀ ਦਾ ਆਈਪੀਓ ਅੱਜ ਖੁੱਲ੍ਹੇਗਾ, ਕੰਪਨੀ ਨੇ 902-949 ਰੁਪਏ ਪ੍ਰਤੀ ਸ਼ੇਅਰ ਦਾ ਪ੍ਰਾਈਸ ਬੈਂਡ ਕੀਤਾ ਤੈਅ

ਆਈਪੀਓ ਤਹਿਤ 15,81,249 ਸ਼ੇਅਰ ਕਰਮਚਾਰੀਆਂ ਲਈ ਰਾਖਵੇਂ ਹਨ ਤੇ 2,21,37,492 ਸ਼ੇਅਰ ਪਾਲਿਸੀਧਾਰਕਾਂ ਲਈ ਰਾਖਵੇਂ ਹਨ। 9.88 ਕਰੋੜ ਤੋਂ ਵੱਧ ਸ਼ੇਅਰ ਯੋਗਤਾ ਪ੍ਰਾਪਤ ਸੰਸਥਾਗਤ ਖਰੀਦਦਾਰਾਂ (QIBs) ਲਈ ਅਤੇ 2.96 ਕਰੋੜ ਤੋਂ ਵੱਧ ਸ਼ੇਅਰ ਗ਼ੈਰ-ਸੰਸਥਾਗਤ ਖਰੀਦਦਾਰਾਂ ਲਈ ਰਾਖਵੇਂ ਹਨ। ਰਿਟੇਲ ਨਿਵੇਸ਼ਕਾਂ ਤੇ ਯੋਗ ਕਰਮਚਾਰੀਆਂ ਨੂੰ ਪ੍ਰਤੀ ਸ਼ੇਅਰ 45 ਰੁਪਏ ਦੀ ਛੋਟ ਮਿਲੇਗੀ, ਜਦਕਿ ਐਲਆਈਸੀ ਪਾਲਿਸੀਧਾਰਕ ਪ੍ਰਤੀ ਸ਼ੇਅਰ 60 ਰੁਪਏ ਦੀ ਛੋਟ ਪ੍ਰਾਪਤ ਕਰ ਸਕਣਗੇ।

22 ਕਰੋੜ ਤੋਂ ਵੱਧ ਸ਼ੇਅਰ ਵੇਚੇ ਜਾਣਗੇ

ਆਈਪੀਓ ਦੇ ਤਹਿਤ ਸਰਕਾਰ ਕੰਪਨੀ 'ਚ ਆਪਣੇ 22,13,74,920 ਸ਼ੇਅਰ ਵੇਚ ਰਹੀ ਹੈ। ਇਹ ਆਈਪੀਓ ਆਫ਼ਰ ਫ਼ਾਰ ਸੇਲ (OFS) ਦੇ ਰੂਪ 'ਚ ਹੈ ਤੇ ਇਸ ਦੇ ਜ਼ਰੀਏ ਸਰਕਾਰ LIC 'ਚ 22.13 ਕਰੋੜ ਸ਼ੇਅਰ ਵੇਚ ਕੇ ਆਪਣੀ 3.5 ਫ਼ੀਸਦੀ ਹਿੱਸੇਦਾਰੀ ਵੇਚਣ ਜਾ ਰਹੀ ਹੈ। ਐਲਆਈਸੀ ਦੇ ਆਈਪੀਓ ਰਾਹੀਂ ਸਰਕਾਰ ਅੱਜ ਤੋਂ ਆਪਣੀ 3.5 ਫ਼ੀਸਦੀ ਹਿੱਸੇਦਾਰੀ ਵੇਚੇਗੀ।

ਐਲਆਈਸੀ ਨੇ ਆਈਪੀਓ ਬਾਰੇ ਪਾਲਿਸੀਧਾਰਕਾਂ ਨੂੰ ਭੇਜਿਆ SMS

ਆਈਪੀਓ ਤੋਂ ਠੀਕ ਪਹਿਲਾਂ ਭਾਰਤੀ ਜੀਵਨ ਬੀਮਾ ਨਿਗਮ (LIC) ਨੇ ਮੰਗਲਵਾਰ ਨੂੰ ਆਪਣੇ ਪਾਲਿਸੀਧਾਰਕਾਂ ਨੂੰ SMS ਤੇ ਹੋਰ ਮਾਧਿਅਮਾਂ ਰਾਹੀਂ ਸ਼ੇਅਰ ਦੀ ਵਿਕਰੀ ਬਾਰੇ ਸੂਚਿਤ ਕੀਤਾ। LIC ਨੇ 902-949 ਰੁਪਏ 'ਤੇ ਇਸ਼ੂ ਲਈ ਸ਼ੇਅਰ ਕੀਮਤ ਰੇਂਜ ਤੈਅ ਕੀਤੀ ਹੈ। ਇਸ 'ਚ ਕੁਝ ਸ਼ੇਅਰ ਮੌਜੂਦਾ ਪਾਲਿਸੀਧਾਰਕਾਂ ਤੇ ਐਲਆਈਸੀ ਦੇ ਕਰਮਚਾਰੀਆਂ ਲਈ ਰਾਖਵੇਂ ਰੱਖੇ ਗਏ ਹਨ। ਐਲਆਈਸੀ ਦਾ ਆਈਪੀਓ ਰਿਟੇਲ ਤੇ ਸੰਸਥਾਗਤ ਨਿਵੇਸ਼ਕਾਂ ਲਈ ਬੁੱਧਵਾਰ ਨੂੰ ਖੁੱਲ੍ਹੇਗਾ ਤੇ 9 ਮਈ ਨੂੰ ਬੰਦ ਹੋਵੇਗਾ।

ਪਾਲਿਸੀਧਾਰਕ ਨਿਵੇਸ਼ਕਾਂ ਨੂੰ ਪ੍ਰਤੀ ਸ਼ੇਅਰ 60 ਰੁਪਏ ਦੀ ਛੋਟ

ਰਿਟੇਲ ਨਿਵੇਸ਼ਕਾਂ ਅਤੇ ਯੋਗ ਕਰਮਚਾਰੀਆਂ ਨੂੰ ਪ੍ਰਤੀ ਸ਼ੇਅਰ 45 ਰੁਪਏ ਤੇ ਪਾਲਿਸੀਧਾਰਕਾਂ ਨੂੰ 60 ਰੁਪਏ ਪ੍ਰਤੀ ਸ਼ੇਅਰ ਦੀ ਛੋਟ ਦਿੱਤੀ ਜਾਵੇਗੀ। ਐਲਆਈਸੀ ਨੇ ਆਪਣੇ ਪਾਲਿਸੀਧਾਰਕਾਂ ਨੂੰ ਉਨ੍ਹਾਂ ਦੇ ਮੋਬਾਈਲ ਫ਼ੋਨ 'ਤੇ ਭੇਜੇ ਇੱਕ ਸੰਦੇਸ਼ 'ਚ ਆਈਪੀਓ ਨਾਲ ਜੁੜੀ ਜਾਣਕਾਰੀ ਦਿੱਤੀ ਹੈ। ਐਲਆਈਸੀ ਪਿਛਲੇ ਕਈ ਮਹੀਨਿਆਂ ਤੋਂ ਪ੍ਰਿੰਟ ਤੇ ਟੀਵੀ ਚੈਨਲਾਂ ਰਾਹੀਂ ਇਸ ਆਈਪੀਓ ਬਾਰੇ ਜਾਣਕਾਰੀ ਪ੍ਰਸਾਰਿਤ ਕਰਦੀ ਰਹੀ ਹੈ।

ਐਲਆਈਸੀ ਨੇ ਕਿਹਾ ਕਿ ਆਈਪੀਓ ਨੂੰ ਸੋਮਵਾਰ ਨੂੰ ਐਂਕਰ ਨਿਵੇਸ਼ਕਾਂ ਤੋਂ 5,620 ਕਰੋੜ ਰੁਪਏ ਦੀ ਪੂਰੀ ਸਬਸਕ੍ਰਿਪਸ਼ਨ ਮਿਲੀ। ਐਲਆਈਸੀ ਨੇ ਐਂਕਰ ਨਿਵੇਸ਼ਕਾਂ ਤੋਂ 5,627 ਕਰੋੜ ਰੁਪਏ ਇਕੱਠੇ ਕੀਤੇ ਹਨ, ਜਿਸ 'ਚ ਜ਼ਿਆਦਾਤਰ ਘਰੇਲੂ ਕੰਪਨੀਆਂ ਹਨ। ਐਂਕਰ ਨਿਵੇਸ਼ਕਾਂ ਲਈ 949 ਰੁਪਏ ਪ੍ਰਤੀ ਇਕੁਇਟੀ ਸ਼ੇਅਰ ਦੀ ਦਰ ਨਾਲ 5.92 ਕਰੋੜ ਸ਼ੇਅਰ ਰਾਖਵੇਂ ਰੱਖੇ ਗਏ ਸਨ।