Trump Tariff: ਅਮਰੀਕਨ ਮਲਟੀ ਨੈਸ਼ਨਲ ਫਾਈਨੈਂਸ਼ੀਅਲ ਕੰਪਨੀ ਦੇ ਵਾਲ ਸਟ੍ਰੀਟ ਬ੍ਰੋਕਰਜ਼ ਜੇਪੀ ਮੋਰਗਨ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ 2025 ਦੇ ਅੰਤ ਤੱਕ ਅਮਰੀਕਾ ਮੰਦੀ ਦੀ ਮਾਰ ਹੇਠਾਂ ਆ ਸਕਦਾ ਹੈ। ਇਸ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ 2 ਅਪ੍ਰੈਲ ਨੂੰ ਟਰੰਪ ਨੇ ਦੁਨੀਆ ਦੇ ਸਾਰੇ ਦੇਸ਼ਾਂ 'ਤੇ ਰੈਸੀਪ੍ਰੋਕਲ ਟੈਰਿਫ ਲਗਾ ਕੇ ਗਲੋਬਲ ਬਾਜ਼ਾਰ ਵਿੱਚ ਹਲਚਲ ਮਚਾ ਦਿੱਤੀ ਸੀ। ਵੀਰਵਾਰ ਨੂੰ ਅਮਰੀਕੀ ਸਟਾਕ ਮਾਰਕੀਟ ਵਿੱਚ ਤੇਜ਼ੀ ਨਾਲ ਗਿਰਾਵਟ ਆਈ, ਜੋ ਕਿ 2020 ਤੋਂ ਬਾਅਦ ਇੱਕ ਦਿਨ ਵਿੱਚ ਆਈ ਸਭ ਤੋਂ ਵੱਡੀ ਗਿਰਾਵਟ ਸੀ।

ਟੈਰਿਫ ਦੇ ਬੋਝ ਹੇਠਾਂ ਦੱਬ ਸਕਦੀ ਅਮਰੀਕਾ ਦਾ ਜੀਡੀਪੀ ਟਰੰਪ ਨੇ ਸਾਰੇ ਦੇਸ਼ਾਂ 'ਤੇ 10 ਪ੍ਰਤੀਸ਼ਤ ਦਾ ਬੇਸਲਾਈਨ ਟੈਰਿਫ ਵੀ ਲਗਾਇਆ ਹੈ। ਟਰੰਪ ਨੇ ਭਾਰਤ ਸਮੇਤ 60 ਤੋਂ ਵੱਧ ਦੇਸ਼ਾਂ 'ਤੇ ਜ਼ਿਆਦਾ ਟੈਰਿਫ ਲਾਇਆ ਹੈ। ਚੀਨ ਨੇ ਅਮਰੀਕਾ ਤੋਂ ਆਯਾਤ ਹੋਣ ਵਾਲੇ ਸਮਾਨ 'ਤੇ 34 ਪ੍ਰਤੀਸ਼ਤ ਟੈਰਿਫ ਲਗਾ ਕੇ ਜਵਾਬੀ ਕਾਰਵਾਈ ਕੀਤੀ ਹੈ। ਕਈ ਹੋਰ ਦੇਸ਼ ਵੀ ਅੱਗੇ ਆ ਸਕਦੇ ਹਨ।

ਅਖਬਾਰ 'ਦ ਹਿੱਲ' ਦੀ ਇੱਕ ਰਿਪੋਰਟ ਦੇ ਅਨੁਸਾਰ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਇੱਕ ਨੋਟ ਵਿੱਚ ਜੇਪੀ ਮੋਰਗਨ ਦੇ ਮੁੱਖ ਅਮਰੀਕੀ ਅਰਥਸ਼ਾਸਤਰੀ ਮਾਈਕਲ ਫੇਰੋਲੀ ਨੇ ਲਿਖਿਆ ਹੈ ਕਿ ਟੈਰਿਫ ਦੇ ਬੋਝ ਹੇਠ ਅਮਰੀਕਾ ਦੀ ਜੀਡੀਪੀ ਡਿੱਗ ਸਕਦੀ ਹੈ। ਉਨ੍ਹਾਂ ਅੱਗੇ ਚੇਤਾਵਨੀ ਦਿੱਤੀ ਕਿ ਆਰਥਿਕ ਮੰਦੀ ਕਾਰਨ ਬੇਰੁਜ਼ਗਾਰੀ ਦਰ 5.3% ਤੱਕ ਵਧਣ ਦੀ ਉਮੀਦ ਹੈ।

ਹੌਲੀ ਹੋ ਸਕਦੀ ਵਿਕਾਸ ਦਰ

ਅਮਰੀਕੀ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਨੇ ਵੀ ਇਸ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਟੈਰਿਫ ਪਹਿਲਾਂ ਦੇ ਅੰਦਾਜ਼ੇ ਨਾਲੋਂ ਵੱਡਾ ਝਟਕਾ ਦੇ ਸਕਦਾ ਹੈ। ਸ਼ੁੱਕਰਵਾਰ ਨੂੰ ਇੱਕ ਵਪਾਰਕ ਪੱਤਰਕਾਰੀ ਸੰਮੇਲਨ ਵਿੱਚ ਬੋਲਦਿਆਂ ਪਾਵੇਲ ਨੇ ਕਿਹਾ ਕਿ ਅਨਿਸ਼ਚਿਤਤਾ ਬਣੀ ਹੋਈ ਹੈ ਅਤੇ ਟੈਰਿਫ ਹੁਣ ਉਮੀਦ ਤੋਂ ਵੱਧ ਵਧਣਗੇ। ਇਸ ਦੇ ਆਰਥਿਕ ਪ੍ਰਭਾਵਾਂ ਵਿੱਚ ਜ਼ਿਆਦਾ ਮਹਿੰਗਾਈ ਅਤੇ ਘੱਟ ਗ੍ਰੋਥ ਵਰਗੀਆਂ ਚੀਜ਼ਾਂ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਹਾਲਾਂਕਿ ਟਰੰਪ ਦਾ ਕਹਿਣਾ ਹੈ ਕਿ ਟੈਰਿਫ ਦਾ ਉਦੇਸ਼ ਅਮਰੀਕਾ ਵਿੱਚ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਹੈ, ਪਰ ਮਾਹਰਾਂ ਦਾ ਮੰਨਣਾ ਹੈ ਕਿ ਇਸ ਨਾਲ ਵਿਸ਼ਵਵਿਆਪੀ ਆਰਥਿਕ ਮੰਦੀ ਆ ਸਕਦੀ ਹੈ। ਇਸ ਦਾ ਭਾਰਤ ਵਰਗੇ ਉੱਭਰ ਰਹੇ ਬਾਜ਼ਾਰਾਂ 'ਤੇ ਵੀ ਮਾੜਾ ਅਸਰ ਪਵੇਗਾ।