NZ vs PAK 3rd ODI, Mohammad Rizwan: ਨਿਊਜ਼ੀਲੈਂਡ ਨੇ ਮੀਂਹ ਨਾਲ ਪ੍ਰਭਾਵਿਤ ਤੀਜੇ ਇੱਕ ਰੋਜ਼ਾ ਮੈਚ ਵਿੱਚ ਪਾਕਿਸਤਾਨ ਨੂੰ 43 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 3-0 ਨਾਲ ਜਿੱਤ ਲਈ। ਮੀਂਹ ਕਾਰਨ ਇਹ ਮੈਚ 42 ਓਵਰਾਂ ਦਾ ਖੇਡਿਆ ਗਿਆ। ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ, ਨਿਊਜ਼ੀਲੈਂਡ ਨੇ 42 ਓਵਰਾਂ ਵਿੱਚ 8 ਵਿਕਟਾਂ 'ਤੇ 264 ਦੌੜਾਂ ਬਣਾਈਆਂ। ਜਵਾਬ ਵਿੱਚ ਪਾਕਿਸਤਾਨ ਦੀ ਟੀਮ 40 ਓਵਰਾਂ ਵਿੱਚ 221 ਦੌੜਾਂ 'ਤੇ ਢੇਰ ਹੋ ਗਈ। ਮੈਚ ਤੋਂ ਬਾਅਦ ਪਾਕਿ ਕਪਤਾਨ ਮੁਹੰਮਦ ਰਿਜ਼ਵਾਨ ਦਾ ਬਿਆਨ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਪਾਕਿਸਤਾਨ ਦੀ ਹਾਰ ਤੋਂ ਬਾਅਦ ਰਿਜ਼ਵਾਨ ਨੇ ਇੱਕ ਅਜੀਬ ਬਿਆਨ ਦਿੱਤਾ। ਇਸ ਤੋਂ ਪਹਿਲਾਂ ਵੀ ਰਿਜ਼ਵਾਨ ਆਪਣੇ ਬਿਆਨਾਂ ਕਾਰਨ ਕਈ ਵਾਰ ਟ੍ਰੋਲ ਹੋ ਚੁੱਕਾ ਹੈ। ਤੀਜੇ ਵਨਡੇ ਵਿੱਚ 43 ਦੌੜਾਂ ਦੀ ਹਾਰ ਤੋਂ ਬਾਅਦ, ਰਿਜ਼ਵਾਨ ਨੇ ਕਿਹਾ, "ਸੀਰੀਜ਼ ਸਾਡੇ ਲਈ ਬਹੁਤ ਨਿਰਾਸ਼ਾਜਨਕ ਸੀ। ਇੱਕ ਚੰਗੀ ਗੱਲ ਇਹ ਸੀ ਕਿ ਬਾਬਰ ਆਜ਼ਮ ਮਜ਼ਬੂਤ ਦਿਖਾਈ ਦੇ ਰਿਹਾ ਸੀ। ਉਸਨੇ ਦੋ ਅਰਧ ਸੈਂਕੜੇ ਲਗਾਏ। ਨਸੀਮ ਸ਼ਾਹ ਨੇ ਵੀ ਵਧੀਆ ਬੱਲੇਬਾਜ਼ੀ ਕੀਤੀ। ਸੂਫੀਆਂ ਮੁਕੀਮ ਨੇ ਸਭ ਤੋਂ ਵਧੀਆ ਗੇਂਦਬਾਜ਼ੀ ਕੀਤੀ। ਮੈਂ ਸਾਰੇ ਵਿਭਾਗਾਂ ਵਿੱਚ ਨਿਊਜ਼ੀਲੈਂਡ ਨੂੰ ਸਿਹਰਾ ਦਿੰਦਾ ਹਾਂ। ਉਹ ਹਰ ਵਿਭਾਗ ਵਿੱਚ ਵਧੀਆ ਖੇਡੇ। ਉਹ ਸਾਡੇ ਵਿਰੁੱਧ ਪਾਕਿਸਤਾਨ ਵਿੱਚ ਖੇਡੇ। ਉਹ ਸਾਰੇ ਵਿਭਾਗਾਂ ਵਿੱਚ ਪੇਸ਼ੇਵਰ ਹਨ। ਸਾਨੂੰ ਸੁਧਾਰ ਕਰਨ ਦੀ ਲੋੜ ਹੈ, ਬੱਸ ਇੰਨਾ ਹੀ।"
ਰਿਜ਼ਵਾਨ ਨੇ ਅੱਗੇ ਕਿਹਾ, "ਨਿਊਜ਼ੀਲੈਂਡ ਵਿੱਚ, ਸਾਨੂੰ ਨਵੀਂ ਗੇਂਦ ਨਾਲ ਚੰਗਾ ਖੇਡਣਾ ਚਾਹੀਦਾ ਸੀ। ਅਸੀਂ ਇੱਥੋਂ ਸਿੱਖਾਂਗੇ ਤੇ ਇਸਨੂੰ ਠੀਕ ਕਰਾਂਗੇ। ਵਿਅਕਤੀਗਤ ਤੌਰ 'ਤੇ ਅਸੀਂ ਚੰਗੇ ਹਾਂ। ਨਿਊਜ਼ੀਲੈਂਡ ਨੇ ਸਾਰੇ ਮਹੱਤਵਪੂਰਨ ਮੌਕਿਆਂ 'ਤੇ ਜਿੱਤ ਪ੍ਰਾਪਤ ਕੀਤੀ। ਚੈਂਪੀਅਨਜ਼ ਟਰਾਫੀ ਤੇ ਇਸ ਲੜੀ ਤੋਂ ਬਾਅਦ ਅਸੀਂ ਅਤੀਤ ਨੂੰ ਭੁੱਲ ਜਾਵਾਂਗੇ। ਪੀਐਸਐਲ ਸਾਡੇ ਲਈ ਪਾਕਿਸਤਾਨ ਵਿੱਚ ਇੱਕ ਵੱਡਾ ਟੂਰਨਾਮੈਂਟ ਹੈ, ਉਮੀਦ ਹੈ ਕਿ ਸਾਡਾ ਦੇਸ਼ ਇਸਦਾ ਆਨੰਦ ਮਾਣੇਗਾ। ਉਮੀਦ ਹੈ ਕਿ ਅਸੀਂ ਪੀਐਸਐਲ ਵਿੱਚ ਵਧੀਆ ਪ੍ਰਦਰਸ਼ਨ ਕਰਾਂਗੇ।"
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਨਿਊਜ਼ੀਲੈਂਡ ਨੇ ਰਾਈਸ ਮਾਰੀਯੂ ਦੇ 58 ਅਤੇ ਕਪਤਾਨ ਮਾਈਕਲ ਬ੍ਰੇਸਵੈੱਲ ਦੇ 59 ਦੌੜਾਂ ਦੀ ਮਦਦ ਨਾਲ 42 ਓਵਰਾਂ ਵਿੱਚ 8 ਵਿਕਟਾਂ 'ਤੇ 264 ਦੌੜਾਂ ਬਣਾਈਆਂ। ਪਾਕਿਸਤਾਨ ਲਈ ਨੌਜਵਾਨ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਆਕਿਬ ਜਾਵੇਦ ਨੇ 8 ਓਵਰਾਂ ਵਿੱਚ 62 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਨਸੀਮ ਸ਼ਾਹ ਨੂੰ ਦੋ ਸਫਲਤਾਵਾਂ ਮਿਲੀਆਂ। ਇਸ ਤੋਂ ਬਾਅਦ ਪਾਕਿਸਤਾਨ ਲਈ ਬਾਬਰ ਆਜ਼ਮ ਨੇ ਅਰਧ ਸੈਂਕੜਾ ਲਗਾਇਆ। ਅਬਦੁੱਲਾ ਸ਼ਫੀਕ ਨੇ 33, ਮੁਹੰਮਦ ਰਿਜ਼ਵਾਨ ਨੇ 37 ਅਤੇ ਤੈਯਬ ਤਾਹਿਰ ਨੇ 33 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਲਈ ਬੇਨ ਸੀਅਰਸ ਨੇ ਘਾਤਕ ਗੇਂਦਬਾਜ਼ੀ ਕੀਤੀ। ਸੀਅਰਜ਼ ਨੇ 9 ਓਵਰਾਂ ਵਿੱਚ ਸਿਰਫ਼ 34 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਇਸ ਤੋਂ ਇਲਾਵਾ ਜੈਕਬ ਡਫੀ ਨੇ ਦੋ ਵਿਕਟਾਂ ਲਈਆਂ। ਮੁਹੰਮਦ ਅੱਬਾਸ, ਡੈਰਿਲ ਮਿਸ਼ੇਲ ਅਤੇ ਮਾਈਕਲ ਬ੍ਰੇਕਸਵੈੱਲ ਨੂੰ ਇੱਕ-ਇੱਕ ਸਫਲਤਾ ਮਿਲੀ।