ਮੁੰਬਈ: ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੇ ਚੇਅਰਮੈਨ ਤੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਦੀ ਜਾਇਦਾਦ ਮੰਗਲਵਾਰ ਨੂੰ 100 ਬਿਲੀਅਨ ਡਾਲਰ ਨੂੰ ਪਾਰ ਕਰ ਗਈ। ਉਹ ਪਹਿਲੇ ਭਾਰਤੀ ਹਨ ਜਿਨ੍ਹਾਂ ਦੀ ਦੌਲਤ 100 ਬਿਲੀਅਨ ਡਾਲਰ ਨੂੰ ਪਾਰ ਕਰ ਗਈ ਹੈ।



ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੇ ਸ਼ੇਅਰਾਂ ਦੀਆਂ ਕੀਮਤਾਂ ਵਿੱਚ ਉਛਾਲ ਕਾਰਨ ਪਿਛਲੇ ਕੁਝ ਦਿਨਾਂ ਵਿੱਚ ਅੰਬਾਨੀ ਦੀ ਸੰਪਤੀ ਵਿੱਚ ਭਾਰੀ ਵਾਧਾ ਹੋਇਆ ਹੈ। ਸੋਮਵਾਰ ਨੂੰ, ਆਰਆਈਐਲ ਦੇ ਸ਼ੇਅਰ ਦੀ ਕੀਮਤ 52 ਹਫਤਿਆਂ ਦੇ ਉੱਚੇ ਪੱਧਰ 'ਤੇ 2480 ਤੱਕ ਪਹੁੰਚ ਗਈ।  

ਬਲੂਮਬਰਗ ਬਿਲੀਯਨੇਅਰਸ ਇੰਡੈਕਸ (Bloomberg Billionaires Index) ਅਨੁਸਾਰ, ਮੁਕੇਸ਼ ਅੰਬਾਨੀ ਦੀ ਕੁੱਲ ਸੰਪਤੀ ਸ਼ੁੱਕਰਵਾਰ ਨੂੰ ਰਿਕਾਰਡ 3.7 ਬਿਲੀਅਨ ਡਾਲਰ ਤੱਕ ਪਹੁੰਚ ਗਈ। ਸਟਾਕ ਵਧਣ ਦਾ ਕਾਰਨ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਮੁੱਲ ਹੈ। ਕੰਪਨੀ ਦਾ ਮਾਰਕਿਟ ਕੈਪ ਵੀ 15 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ। ਮਾਰਕੀਟ ਮੁੱਲ ਦੇ ਹਿਸਾਬ ਨਾਲ ਸਭ ਤੋਂ ਵੱਡੀ ਕੰਪਨੀ ਦਾ ਸ਼ੇਅਰ ਸੈਂਸੈਕਸ ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਲਾਭਦਾਇਕ ਰਿਹਾ। ਬਾਜ਼ਾਰ ਪੂੰਜੀਕਰਨ ਦੇ ਇਸ ਪੱਧਰ ਨੂੰ ਪ੍ਰਾਪਤ ਕਰਨ ਵਾਲੀ ਰਿਲਾਇੰਸ ਦੇਸ਼ ਦੀ ਪਹਿਲੀ ਕੰਪਨੀ ਹੈ।

ਇਸ ਤੇਜ਼ੀ ਤੋਂ ਬਾਅਦ ਹੀ ਇਹ ਉਮੀਦ ਕੀਤੀ ਗਈ ਸੀ ਕਿ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ ਜਲਦੀ ਹੀ 100 ਬਿਲੀਅਨ ਡਾਲਰ ਦੇ ਅੰਕੜੇ ਨੂੰ ਛੂਹ ਲੈਣਗੇ। ਵਰਤਮਾਨ ਵਿੱਚ, ਉਹ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ 11ਵੇਂ ਸਥਾਨ 'ਤੇ ਕਾਇਮ ਹੈ। ਅੰਬਾਨੀ ਇਸ ਸਮੇਂ ਦੁਨੀਆ ਦੇ ਮਹਾਨ ਨਿਵੇਸ਼ਕ ਵਾਰੇਨ ਬਫੇ (Warren Buffett) ਤੋਂ ਥੋੜ੍ਹਾ ਪਿੱਛੇ ਹਨ। ਬਫੇਟ ਦੀ ਕੁੱਲ ਸੰਪਤੀ 102.6 ਬਿਲੀਅਨ ਡਾਲਰ ਹੈ।

ਬਲੂਮਬਰਗ ਬਿਲੀਅਨੇਅਰਸ ਇੰਡੈਕਸ ਦੇ ਅਨੁਸਾਰ, ਵਾਰੇਨ ਬਫੇਟ, ਲੈਰੀ ਐਲਿਸਨ, ਸਟੀਵ ਬਾਲਮਰ, ਸਰਗੇਈ ਬ੍ਰਿਨ, ਲੈਰੀ ਪੇਜ, ਮਾਰਕ ਜ਼ੁਕਰਬਰਗ, ਬਿਲ ਗੇਟਸ, ਬਰਨਾਰਡ ਅਰਨੌਲਟ ਤੇ ਏਲੋਨ ਮਸਕ ਇਸ ਸਮੇਂ 100 ਬਿਲੀਅਨ ਡਾਲਰ ਦੇ ਕਲੱਬ ਵਿੱਚ ਹਨ। ਇਸ ਦੇ ਨਾਲ ਹੀ, ਐਮਾਜ਼ਾਨ ਦੇ ਜੈਫ ਬੇਜੋਸ 200 ਅਰਬ ਡਾਲਰ ਦੇ ਕਲੱਬ ਵਿੱਚ ਸ਼ਾਮਲ ਇਕਲੌਤੇ ਅਰਬਪਤੀ ਹਨ।

ਇਸ ਨਾਲ, ਅੰਬਾਨੀ ਇੱਕ ਵਾਰ ਫਿਰ ਫੋਰਬਸ ਦੀ ਦੁਨੀਆ ਦੇ ਚੋਟੀ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਜਗ੍ਹਾ ਬਣਾ ਸਕਦੇ ਹਨ। ਇਸ ਦੌਰਾਨ, ਐਮਾਜ਼ਾਨ ਦੇ ਜੈਫ ਬੇਜੋਸ 201.3 ਬਿਲੀਅਨ ਡਾਲਰ ਦੀ ਸੰਪਤੀ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਹੋਏ ਹਨ। ਕਾਰੋਬਾਰੀ ਔਰਤਾਂ ਵਿੱਚ, ਫ੍ਰੈਂਕੋਇਸ ਬੇਟਨਕੋਰਟ ਮੇਅਰਸ ਦੁਨੀਆ ਦੀ ਸਭ ਤੋਂ ਅਮੀਰ ਔਰਤ ਹੈ। ਉਨ੍ਹਾਂ ਦੀ ਕੁੱਲ ਸੰਪਤੀ 92.7 ਅਰਬ ਡਾਲਰ ਹੈ। ਸਾਵਿਤਰੀ ਜਿੰਦਲ 17.2 ਬਿਲੀਅਨ ਡਾਲਰ ਦੀ ਸੰਪਤੀ ਨਾਲ ਭਾਰਤ ਦੀ ਸਭ ਤੋਂ ਅਮੀਰ ਔਰਤ ਹੈ।

RIL ਦੇ ਚੇਅਰਮੈਨ ਨੇ ਹਾਲ ਹੀ ਵਿੱਚ ਕਿਫਾਇਤੀ ਗ੍ਰੀਨ ਹਾਈਡ੍ਰੋਜਨ ਦਾ ਉਤਪਾਦਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ, ਕੰਪਨੀ ਦੀ ਦੂਰਸੰਚਾਰ ਸਹਾਇਕ ਕੰਪਨੀ ਜਿਓ ਦੀ ਔਸਤ ਆਮਦਨੀ ਪ੍ਰਤੀ ਉਪਭੋਗਤਾ (ARPU) ਵਿੱਚ ਵੀ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਨਾਲ ਜੀਓ ਦਾ ਮੁੱਲ ਵਧੇਗਾ।