UK Visa for Indians: ਭਾਰਤ ਦੇ ਕਈ ਸ਼ਹਿਰਾਂ ਦੇ ਵਾਸੀਆਂ ਲਈ ਹੁਣ ਲੰਡਨ ਦਾ ਵੀਜ਼ਾ ਪਾਉਣਾ ਬੇਹੱਦ ਆਸਾਨ ਹੋ ਗਿਆ ਹੈ। ਹੁਣ ਇਨ੍ਹਾਂ ਸ਼ਹਿਰਾਂ ਦੇ ਲੋਕਾਂ ਨੂੰ ਲੰਡਨ ਦੇ ਵੀਜ਼ਾ ਲਈ ਅਪਲਾਈ ਕਰਨ ਲਈ ਅੰਬੈਸੀ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਹੁਣ ਇਹ ਕੰਮ ਨੇੜੇ ਦੇ ਕੁਝ ਹੋਟਲਾਂ ਤੋਂ ਹੀ ਕੀਤਾ ਜਾ ਸਕਦਾ ਹੈ।
ਇਹਨਾਂ 3 ਹੋਟਲਾਂ ਵਿੱਚ ਸ਼ੁਰੂ ਹੋ ਸਹੂਲਤ
VFS ਗਲੋਬਲ (VFS Global) ਨੇ ਇਸ ਦੇ ਲਈ ਟਾਟਾ ਸਮੂਹ ਦੀ ਭਾਰਤੀ ਹੋਟਲ ਕੰਪਨੀ (Indian Hotels Company) ਤੇ ਰੈਡੀਸਨ ਹੋਟਲ ਗਰੁੱਪ (Radisson Hotel Group) ਨਾਲ ਸਮਝੌਤਾ ਕੀਤਾ ਹੈ। ਇਸ ਸਮਝੌਤੇ ਤੋਂ ਬਾਅਦ, ਹੁਣ ਬੈਂਗਲੁਰੂ, ਮੰਗਲੌਰ ਤੇ ਵਿਸ਼ਾਖਾਪਟਨਮ ਵਿੱਚ ਰਹਿਣ ਵਾਲੇ ਲੋਕ ਆਪਣੇ ਨਜ਼ਦੀਕੀ ਤਾਜ ਹੋਟਲ ਵਿੱਚ ਯੂਕੇ ਦੇ ਵੀਜ਼ੇ ਲਈ ਅਪਲਾਈ ਕਰ ਸਕਣਗੇ। ਇਹ ਸਹੂਲਤ ਪਹਿਲਾਂ ਹੀ ਵ੍ਹਾਈਟਫੀਲਡ ਸਥਿਤ ਵਿਵਾਂਤਾ ਬੇਂਗਲੁਰੂ (Vivanta Bengaluru), ਓਲਡ ਪੋਰਟ ਰੋਡ ਸਥਿਤ ਵਿਵਾਂਤਾ ਮੰਗਲੋਰ (Vivanta Manglore), ਗੇਟਵੇ ਹੋਟਲ, ਵਿਸ਼ਾਖਾਪਟਨਮ ਸਥਿਤ ਗੇਟਵੇ ਹੋਟਲ (The Gateway Hotel) ਵਿੱਚ ਸ਼ੁਰੂ ਹੋ ਚੁੱਕੀ ਹੈ।
ਵੀਐਫਐਸ ਗਲੋਬਲ ਨੇ ਦਿੱਤਾ ਇਹ ਅਪਡੇਟ
VFS ਗਲੋਬਲ ਇੱਕ ਗਲੋਬਲ ਕੰਪਨੀ ਹੈ, ਜੋ ਵੀਜ਼ਾ ਤੋਂ ਲੈ ਕੇ ਪਾਸਪੋਰਟ ਤੇ ਫਾਰੇਕਸ ਤੱਕ ਸਾਰੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ। ਕੰਪਨੀ ਨੇ ਸੋਸ਼ਲ ਮੀਡੀਆ ਪੋਸਟ 'ਚ ਇਸ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ, 'ਭਾਰਤ ਦੇ ਬੰਗਲੌਰ, ਮੰਗਲੌਰ ਅਤੇ ਵਿਸ਼ਾਖਾਪਟਨਮ ਸ਼ਹਿਰਾਂ ਤੋਂ ਯੂਕੇ ਵੀਜ਼ਾ ਬਿਨੈਕਾਰਾਂ ਲਈ ਇੱਕ ਅਪਡੇਟ ਹੈ। ਤੁਸੀਂ ਹੁਣ ਸਾਡੇ ਪ੍ਰੀਮੀਅਮ ਐਪਲੀਕੇਸ਼ਨ ਸੈਂਟਰਾਂ ਰਾਹੀਂ ਯੂਕੇ ਵੀਜ਼ਾ ਲਈ ਆਪਣੇ ਨਜ਼ਦੀਕੀ ਤਾਜ ਹੋਟਲ 'ਤੇ ਜਾ ਸਕਦੇ ਹੋ।
ਇਨ੍ਹਾਂ ਹੋਟਲਾਂ ਉੱਤੇ ਵੀ ਸਹੂਲਤ ਉਪਲਬਧ
ਇਨ੍ਹਾਂ ਤਿੰਨਾਂ ਸ਼ਹਿਰਾਂ ਤੋਂ ਇਲਾਵਾ ਅੰਮ੍ਰਿਤਸਰ, ਮੋਹਾਲੀ, ਲੁਧਿਆਣਾ ਅਤੇ ਨੋਇਡਾ ਦੇ ਲੋਕਾਂ ਲਈ ਵੀ ਇਹ ਆਸਾਨ ਸਹੂਲਤ ਸ਼ੁਰੂ ਕੀਤੀ ਗਈ ਹੈ। ਵੀਐਫਐਸ ਗਲੋਬਲ ਦੇ ਅਨੁਸਾਰ, ਰੈਡੀਸਨ ਬਲੂ ਹੋਟਲ ਅੰਮ੍ਰਿਤਸਰ (Radisson Blu Hotel Amritsar), ਰੈਡੀਸਨ ਰੈਡ ਚੰਡੀਗੜ੍ਹ ਮੋਹਾਲੀ (Radisson RED Chandigarh Mohali), ਪਾਰਕ ਪਲਾਜ਼ਾ ਲੁਧਿਆਣਾ (Park Plaza Ludhiana) ਤੇ ਰੈਡੀਸਨ ਨੋਇਡਾ (Radisson Noida) ਵਿੱਚ ਸਥਿਤ ਪ੍ਰੀਮੀਅਮ ਐਪਲੀਕੇਸ਼ਨ ਸੈਂਟਰਾਂ ਰਾਹੀਂ ਵੀਜ਼ਾ ਲਈ ਅਪਲਾਈ ਕੀਤਾ ਜਾ ਸਕਦਾ ਹੈ।
ਇਹ ਹੈ ਅਪਲਾਈ ਕਰਨ ਦਾ ਪ੍ਰੋਸੈਸ
ਜੇ ਤੁਸੀਂ ਵੀ ਯੂਕੇ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਪਹਿਲਾਂ ਅਪਾਇੰਟਮੈਂਟ ਬੁੱਕ ਕਰਨੀ ਪਵੇਗੀ। ਆਪਣੀ ਆਨਲਾਈਨ ਵੀਜ਼ਾ ਅਰਜ਼ੀ ਜਮ੍ਹਾਂ ਕਰਾਉਣ ਤੋਂ ਬਾਅਦ ਤੁਹਾਡੇ ਕੋਲ ਬਾਇਓਮੈਟ੍ਰਿਕਸ ਪ੍ਰਦਾਨ ਕਰਨ ਅਤੇ ਅਰਜ਼ੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ 240 ਦਿਨਾਂ ਤੱਕ ਦਾ ਸਮਾਂ ਹੋਵੇਗਾ। ਤੁਸੀਂ 24 ਘੰਟੇ ਪਹਿਲਾਂ ਅਪਾਇੰਟਮੈਂਟ ਬਦਲ ਸਕਦੇ ਹੋ ਅਤੇ ਨਵੀਂ ਤਰੀਕ ਫਿਕਸ ਕਰ ਸਕਦੇ ਹੋ। ਜੇ ਤੁਸੀਂ ਆਪਣੀ ਅਰਜ਼ੀ ਜਮ੍ਹਾਂ ਕਰਾਉਣ ਦੇ 240 ਦਿਨਾਂ ਦੇ ਅੰਦਰ ਬਾਇਓਮੈਟ੍ਰਿਕ ਪ੍ਰਦਾਨ ਨਹੀਂ ਕਰ ਸਕਦੇ ਹੋ, ਪਰ ਫਿਰ ਵੀ ਵੀਜ਼ਾ ਪ੍ਰਾਪਤ ਕਰਨ ਵਿੱਚ ਦਿਲਚਸਪੀ ਰੱਖਦੇ ਹੋ, ਤਾਂ ਤੁਹਾਨੂੰ UKVI ਨਾਲ ਸੰਪਰਕ ਕਰਨ ਦੀ ਲੋੜ ਹੋਵੇਗੀ।