ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ (Finance Minister Nirmala Sitharaman) ਨੇ ਅੱਜ ਰਾਜਧਾਨੀ ਦਿੱਲੀ ’ਚ ਆਤਮ ਨਿਰਭਰ 3.0 ਭਾਵ ਪ੍ਰੋਤਸਾਹਨ ਪੈਕੇਜ (Incentive Package) ਦਾ ਐਲਾਨ ਕੀਤਾ ਹੈ। ਇਸ ਦੌਰਾਨ ਨਿਰਮਲਾ ਸੀਤਾਰਮਣ ਨੇ ‘ਇੱਕ ਦੇਸ਼–ਇੱਕ ਰਾਸ਼ਨ ਕਾਰਡ’, ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ, ਹੰਗਾਮੀ ਕਰਜ਼ਾ ਗਰੰਟੀ ਯੋਜਨਾ, ਪ੍ਰਧਾਨ ਮੰਤਰੀ ਮਕਾਨ-ਉਸਾਰੀ ਯੋਜਨਾ ਤੇ ਕਿਸਾਨਾਂ ਲਈ ਕਈ ਐਲਾਨ ਕੀਤੇ।
ਜਾਣੋ ਵਿੱਤ ਮੰਤਰੀ ਐਲਾਨ ਦੀਆਂ 10 ਪ੍ਰਮੁੱਖ ਗੱਲਾਂ:
1.ਅਰਥਵਿਵਸਥਾ ’ਚ ਮਜ਼ਬੂਤ ਸੁਧਾਰ: ਵਿੱਤ ਮੰਤਰੀ ਨੇ ਪ੍ਰੋਤਸਾਹਨ ਪੈਕੇਜ ਦਾ ਐਲਾਨ ਕਰਦਿਆਂ ਕਿਹਾ ਕਿ ਅਰਥ-ਵਿਵਸਥਾ ਵਿੱਚ ਮਜ਼ਬੂਤ ਸੁਧਾਰ ਹੈ ਅਤੇ ਕੋਰੋਨਾ ਵਾਇਰਸ ਦੇ ਸਰਗਰਮ ਮਾਮਲੇ 10 ਲੱਖ ਤੋਂ ਘਟ ਕੇ 4.89 ਲੱਖ ਹੋ ਗਏ ਹਨ। ਕੋਰੋਨਾ ਵਾਇਰਸ ਦੀ ਮੌਤ ਦਰ ਵੀ ਘਟ ਕੇ 1.47% ਹੋ ਗਈ ਹੈ।
2. ਬੈਂਕ ਕਰਜ਼ੇ ਵਿੱਚ 5.1 ਫ਼ੀਸਦੀ ਦਾ ਸੁਧਾਰ: ਵਿੱਤ ਮੰਤਰੀ ਨੇ ਦੱਸਿਆ ਕਿ ਭਾਰਤੀ ਰਿਜ਼ਰਵ ਬੈਂਕ ਨੇ ਆਪਣੀ ਰਿਪੋਰਟ ’ਚ ਤੀਜੀ ਤਿਮਾਹੀ ਦੌਰਾਨ ਹਾਂਪੱਖੀ ਵਿਕਾਸ ਦੀ ਭਵਿੱਖਬਾਣੀ ਕੀਤੀ ਹੈ। ਪਹਿਲਾਂ ਤੋਂ ਹੀ ਆਸ ਸੀ ਕਿ ਇਹ ਵਾਧਾ ਚੌਥੀ ਤਿਮਾਹੀ ’ਚ ਹੋਵੇਗਾ। ਹੁਣ ਦੇਸ਼ ਦੇ ਬੈਂਕਾਂ ਦੀ ਕ੍ਰੈਡਿਟ ਗ੍ਰੋਥ ਵੀ ਵਧ ਰਹੀ ਹੈ ਤੇ ਬੈਂਕ ਕਰਜ਼ੇ ਵਿੱਚ 5.1 ਫ਼ੀ ਸਦੀ ਦਾ ਸੁਧਾਰ ਹੋਇਆ ਹੈ।
3. ਅਕਤੂਬਰ ’ਚ ਜੀਐੱਸਟੀ ਕੁਲੈਕਸ਼ਨ 10 ਫ਼ੀ ਸਦੀ ਵਧਿਆ: ਹੁਣ ਦੇਸ਼ ਦੀ ਅਰਥਵਿਵਸਥਾ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ ਹੈ ਤੇ ਇਸ ਵਾਰ ਜੀਐੱਸਟੀ ਦੀ ਕੁਲੈਕਸ਼ਨ 10 ਫ਼ੀ ਸਦੀ ਵਧੀ ਹੈ। ਨਿਵੇਸ਼ ਵਿੱਚ ਵੀ ਵਾਧਾ ਹੋ ਰਿਹਾ ਹੈ।
4. ‘ਇੱਕ ਦੇਸ਼ ਇੱਕ ਰਾਸ਼ਨ ਕਾਰਡ’ 28 ਰਾਜਾਂ ਵਿੱਚ ਲਾਗੂ: ਵਿੱਤ ਮੰਤਰੀ ਨੇ ਦੱਸਿਆ ਕਿ ‘ਇੱਕ ਦੇਸ਼ ਇੱਕ ਰਾਸ਼ਨ ਕਾਰਡ’ ਹੁਣ 28 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਲਾਗੂ ਹੈ। ਆਤਮਨਿਰਭਰ ਭਾਰਤ ਅਧੀਨ ਸਰਕਾਰ ਨੇ ਆਖਿਆ ਸੀ ਕਿ ਦੇਸ਼ ਵਿੱਚ ਧਨ ਤੇ ਅੰਨ ਦੀ ਕੋਈ ਕਮੀ ਨਾ ਰਹੇ।
5. ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ ਦਾ ਐਲਾਨ: ਵਿੱਤ ਮੰਤਰੀ ਨੇ ‘ਨਵੀਂ ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ’ ਦਾ ਐਲਾਨ ਕੀਤਾ। ਰੋਜ਼ਗਾਰ ਜਿਹੀਆਂ ਸਮੱਸਿਆਵਾਂ ਨੂੰ ਵੇਖਦਿਆਂ ਸਰਕਾਰ ਨੇ ਹਿਜਰਤਕਾਰੀ ਮਜ਼ਦੂਰਾਂ ਲਈ ਖਾਸ ਪੋਰਟਲ ਤਿਆਰ ਕੀਤਾ ਹੈ। ਇਸ ਤੋਂ ਪਹਿਲਾਂ ਇਸ ਯੋਜਨਾ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ।
6. ਹੰਗਾਮੀ ਕਰਜ਼ਾ ਗਰੰਟੀ ਯੋਜਨਾ 31 ਮਾਰਚ, 2021 ਤੱਕ ਵਧੀ: ਹੰਗਾਮੀ ਕਰਜ਼ਾ ਗਰੰਟੀ ਯੋਜਨਾ ਨੂੰ 31 ਮਾਰਚ, 2021 ਤੱਕ ਵਧਾ ਦਿੱਤਾ ਗਿਆ ਹੈ। ਸਰਕਾਰ ਨੇ ਹੰਗਾਮੀ ਕ੍ਰੈਡਿਟ ਲਾਈਨ ਗਰੰਟੀ ਯੋਜਨਾ ਅਧੀਨ 79,000 ਕਰੋੜ ਰੁਪਏ ਦਾ ਕਰਜ਼ਾ ਵੰਡਿਆ ਹੈ। ਸੀਤਾਰਮਣ ਨੇ ਕਿਸਾਨਾਂ ਲਈ 65,000 ਕਰੋੜ ਰੁਪਏ ਦੀ ਖਾਦ ਸਬਸਿਡੀ ਦਾ ਐਲਾਨ ਵੀ ਕੀਤਾ।
7. ਪ੍ਰੌਵੀਡੈਂਟ ਕੋਸ਼ ਵਿੱਚ ਯੋਗਦਾਨ ਪਾਏਗੀ ਸਰਕਾਰ: ਵਿੱਤ ਮੰਤਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਨਵਾਂ ਰੋਜ਼ਗਾਰ ਦੇਣ ਵਾਲੇ ਅਦਾਰਿਆਂ ਨੂੰ ਸਬਸਿਡੀ ਦੇਵੇਗੀ। ਨਵੀਂ ਭਰਤੀ ਲਈ ਦੋ ਸਾਲਾਂ ਤੱਕ ਸਰਕਾਰ ਵੱਲੋਂ ਪ੍ਰੌਵੀਡੈਂਟ ਕੋਸ਼ ਵਿੱਚ ਯੋਗਦਾਨ ਪਾਇਆ ਜਾਵੇਗਾ।
8. ਪ੍ਰਧਾਨ ਮੰਤਰੀ ਮਕਾਨ–ਉਸਾਰੀ ਯੋਜਨਾ ਲਈ ਵਾਧੂ ਰਕਮ: ਵਿੱਤ ਮੰਤਰੀ ਨੇ ਪ੍ਰਧਾਨ ਮੰਤਰੀ ਮਕਾਨ-ਉਸਾਰੀ ਯੋਜਨਾ (ਸ਼ਹਿਰੀ) ਲਈ 18,000 ਕਰੋੜ ਰੁਪਏ ਦੀ ਵਾਧੂ ਰਾਸ਼ੀ ਵੰਡਣ ਦਾ ਐਲਾਨ ਕੀਤਾ।
9. ਕਿਸਾਨ ਕ੍ਰੈਡਿਟ ਬੈਂਕ: ਵਿੱਤ ਮੰਤਰੀ ਨੇ ਦੱਸਿਆ ਕਿ ਹੁਣ ਤੱਕ 1 ਲੱਖ 43 ਹਜ਼ਾਰ 262 ਕਰੋੜ ਰੁਪਏ ਦੋ ਗੇੜਾਂ ਵਿੱਚ ਕਿਸਾਨਾਂ ਨੂੰ ਦਿੱਤੇ ਗਏ ਹਨ।
10. ਕੋਰੋਨਾ ਵੈਕਸੀਨ ਲਈ 900 ਕਰੋੜ ਰੁਪਏ: ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਲਗਾਤਾਰ ਵਧਦੇ ਜਾ ਰਹੇ ਮਾਮਲਿਆਂ ਨੂੰ ਲੈ ਕੇ ਵੈਕਸੀਨ ਆਉਣ ਦੀ ਚਰਚਾ ਜ਼ੋਰਾਂ ’ਤੇ ਹੈ। ਵਿੱਤ ਮੰਤਰੀ ਨੇ ਦੱਸਿਆ ਕਿ ਕੋਰੋਨਾ ਦੀ ਵੈਕਸੀਨ ਉੱਤੇ ਖੋਜ ਲਈ 900 ਕਰੋੜ ਰੁਪਏ ਦਿੱਤੇ ਗਏ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Stimulus package: ਕੇਂਦਰ ਸਰਕਾਰ ਵੱਲੋਂ ‘ਪ੍ਰੋਤਸਾਹਨ ਪੈਕੇਜ’ ਦਾ ਐਲਾਨ, ਜਾਣੋ 10 ਪ੍ਰਮੁੱਖ ਨੁਕਤੇ
ਏਬੀਪੀ ਸਾਂਝਾ
Updated at:
12 Nov 2020 04:16 PM (IST)
ਨਿਰਮਲਾ ਸੀਤਾਰਮਣ ਨੇ ‘ਇੱਕ ਦੇਸ਼–ਇੱਕ ਰਾਸ਼ਨ ਕਾਰਡ’, ਆਤਮਨਿਰਭਰ ਭਾਰਤ ਰੋਜ਼ਗਾਰ ਯੋਜਨਾ, ਹੰਗਾਮੀ ਕਰਜ਼ਾ ਗਰੰਟੀ ਯੋਜਨਾ, ਪ੍ਰਧਾਨ ਮੰਤਰੀ ਮਕਾਨ-ਉਸਾਰੀ ਯੋਜਨਾ ਤੇ ਕਿਸਾਨਾਂ ਲਈ ਕਈ ਐਲਾਨ ਕੀਤੇ।
- - - - - - - - - Advertisement - - - - - - - - -