ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਨੇ ਦੇਸ਼ ਵਾਸੀਆਂ ਨੂੰ ਭਰੋਸਾ ਦਿੱਤਾ ਹੈ ਕਿ ਦੇਸ਼ ਭਰ ਵਿੱਚ ਬਾਲਣ ਅਤੇ LPG ਦਾ ਢੁਕਵਾਂ ਸਟਾਕ ਉਪਲਬਧ ਹੈ, ਇਸ ਲਈ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਵਿੱਚ ਖਰੀਦਣ ਦੀ ਕੋਈ ਲੋੜ ਨਹੀਂ ਹੈ।
ਕੰਪਨੀ ਨੇ ਇਹ ਜਾਣਕਾਰੀ ਸ਼ੁੱਕਰਵਾਰ, 9 ਮਈ ਨੂੰ ਸਵੇਰੇ 5:12 ਵਜੇ ਆਪਣੇ ਅਧਿਕਾਰਤ X ਹੈਂਡਲ 'ਤੇ ਇੱਕ ਪੋਸਟ ਰਾਹੀਂ ਸਾਂਝੀ ਕੀਤੀ। ਪੋਸਟ ਵਿੱਚ ਕਿਹਾ ਗਿਆ ਹੈ ਕਿ ਇੰਡੀਅਨ ਆਇਲ ਦੀਆਂ ਸਪਲਾਈ ਲਾਈਨਾਂ ਸੁਚਾਰੂ ਢੰਗ ਨਾਲ ਕੰਮ ਕਰ ਰਹੀਆਂ ਹਨ ਤੇ ਸਾਰੇ ਆਊਟਲੈੱਟਾਂ 'ਤੇ ਬਾਲਣ ਅਤੇ LPG ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਗਿਆ ਹੈ।
ਇੰਡੀਅਨ ਆਇਲ ਨੇ ਆਪਣੀ ਪੋਸਟ ਵਿੱਚ ਲਿਖਿਆ, "#IndianOil ਕੋਲ ਦੇਸ਼ ਭਰ ਵਿੱਚ ਕਾਫ਼ੀ ਈਂਧਨ ਸਟਾਕ ਹੈ ਤੇ ਸਾਡੀਆਂ ਸਪਲਾਈ ਲਾਈਨਾਂ ਸੁਚਾਰੂ ਢੰਗ ਨਾਲ ਕੰਮ ਕਰ ਰਹੀਆਂ ਹਨ। ਘਬਰਾਉਣ ਦੀ ਕੋਈ ਲੋੜ ਨਹੀਂ ਹੈ - ਸਾਡੇ ਸਾਰੇ ਆਊਟਲੈੱਟਾਂ 'ਤੇ ਈਂਧਨ ਅਤੇ LPG ਆਸਾਨੀ ਨਾਲ ਉਪਲਬਧ ਹਨ। ਕਿਰਪਾ ਕਰਕੇ ਸ਼ਾਂਤ ਰਹੋ ਤੇ ਸਾਡੀ ਬਿਹਤਰ ਸੇਵਾ ਲਈ ਬੇਲੋੜੀ ਭੀੜ ਤੋਂ ਬਚੋ। ਇਹ ਸਾਡੀਆਂ ਸਪਲਾਈ ਲਾਈਨਾਂ ਨੂੰ ਸੁਚਾਰੂ ਢੰਗ ਨਾਲ ਚੱਲਦਾ ਰੱਖੇਗਾ ਤੇ ਸਾਰਿਆਂ ਲਈ ਈਂਧਨ ਤੱਕ ਨਿਰਵਿਘਨ ਪਹੁੰਚ ਯਕੀਨੀ ਬਣਾਏਗਾ।"
ਇੰਡੀਅਨ ਆਇਲ ਦਾ ਯੋਗਦਾਨ
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਭਾਰਤ ਦੀਆਂ ਸਭ ਤੋਂ ਵੱਡੀਆਂ ਤੇਲ ਕੰਪਨੀਆਂ ਵਿੱਚੋਂ ਇੱਕ ਹੈ, ਜੋ ਤੇਲ, ਗੈਸ, ਪੈਟਰੋ ਕੈਮੀਕਲ ਤੇ ਵਿਕਲਪਕ ਊਰਜਾ ਸਰੋਤਾਂ ਦੇ ਖੇਤਰਾਂ ਵਿੱਚ ਕੰਮ ਕਰਦੀ ਹੈ। ਇਸ ਸੰਦੇਸ਼ ਰਾਹੀਂ, ਇੰਡੀਅਨ ਆਇਲ ਨੇ ਨਾ ਸਿਰਫ਼ ਆਪਣੀ ਤਿਆਰੀ ਦਿਖਾਈ, ਸਗੋਂ ਨਾਗਰਿਕਾਂ ਨੂੰ ਏਕਤਾ ਅਤੇ ਸਮਝਦਾਰੀ ਦੀ ਅਪੀਲ ਵੀ ਕੀਤੀ ਤਾਂ ਜੋ ਸਪਲਾਈ ਲੜੀ ਪ੍ਰਭਾਵਿਤ ਨਾ ਹੋਵੇ ਅਤੇ ਹਰ ਕਿਸੇ ਨੂੰ ਲੋੜੀਂਦੇ ਸਰੋਤ ਮਿਲਦੇ ਰਹਿਣ।
ਸੰਪਰਕ ਅਤੇ ਹੋਰ ਜਾਣਕਾਰੀ ਲਈ:
ਇੰਡੀਅਨ ਆਇਲ ਦੀ ਅਧਿਕਾਰਤ ਵੈੱਬਸਾਈਟ: iocl.com
ਗਾਹਕ ਸੇਵਾ ਨੰਬਰ: 18002333555
ਐਲਪੀਜੀ ਸੇਵਾਵਾਂ ਲਈ: ਇੰਡੇਨ ਐਲਪੀਜੀ ਪੁੱਛਗਿੱਛ ਪੋਰਟਲ
ਇੰਡੀਅਨ ਆਇਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਵੱਲ ਧਿਆਨ ਨਾ ਦੇਣ ਅਤੇ ਕਿਸੇ ਵੀ ਜਾਣਕਾਰੀ ਲਈ ਅਧਿਕਾਰਤ ਸਰੋਤਾਂ 'ਤੇ ਭਰੋਸਾ ਕਰਨ।
ਲੋਕਾਂ ਨੂੰ ਸੁਨੇਹਾ ਭੇਜਣਾ ਕਿਉਂ ਜ਼ਰੂਰੀ ?
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਵੱਲੋਂ ਇਹ ਭਰੋਸਾ ਅਜਿਹੇ ਸਮੇਂ ਆਇਆ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਆਪਣੇ ਸਿਖਰ 'ਤੇ ਹੈ। ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਪਾਕਿਸਤਾਨ ਵਿਰੁੱਧ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਹੈ। ਭਾਰਤ ਨੇ ਬੁੱਧਵਾਰ ਨੂੰ ਮਿਜ਼ਾਈਲ ਹਮਲੇ ਕੀਤੇ ਜਿਸ ਵਿੱਚ ਕਿਹਾ ਗਿਆ ਸੀ ਕਿ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਬਾਅਦ ਵਿੱਚ ਪਾਕਿਸਤਾਨ ਨੇ ਵੀ ਭਾਰਤ 'ਤੇ ਡਰੋਨਾਂ ਨਾਲ ਹਮਲਾ ਕੀਤਾ ਪਰ ਭਾਰਤ ਦੇ ਹਵਾਈ ਰੱਖਿਆ ਪ੍ਰਣਾਲੀ ਨੇ ਉਨ੍ਹਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਦਿੱਤਾ।
ਇਸ ਵਧ ਰਹੇ ਟਕਰਾਅ ਨੇ ਦੋ ਪ੍ਰਮਾਣੂ ਹਥਿਆਰਬੰਦ ਦੇਸ਼ਾਂ ਵਿਚਕਾਰ ਪੂਰੀ ਤਰ੍ਹਾਂ ਫੌਜੀ ਟਕਰਾਅ ਦਾ ਡਰ ਪੈਦਾ ਕਰ ਦਿੱਤਾ ਹੈ, ਜੋ ਸਰੋਤਾਂ ਦੀ ਸਪਲਾਈ ਨੂੰ ਪ੍ਰਭਾਵਤ ਕਰ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਇੰਡੀਅਨ ਆਇਲ ਦਾ ਇਹ ਬਿਆਨ ਨਾ ਸਿਰਫ਼ ਬਾਲਣ ਦੀ ਉਪਲਬਧਤਾ ਪ੍ਰਤੀ ਲੋਕਾਂ ਦਾ ਵਿਸ਼ਵਾਸ ਵਧਾਉਣ ਦੀ ਕੋਸ਼ਿਸ਼ ਹੈ, ਸਗੋਂ ਇਸ ਸੰਕਟ ਦੌਰਾਨ ਸਪਲਾਈ ਲੜੀ ਨੂੰ ਨਿਰਵਿਘਨ ਰੱਖਣ ਦੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ, ਤਾਂ ਜੋ ਜੰਗ ਵਰਗੀ ਸਥਿਤੀ ਵਿੱਚ ਵੀ ਦੇਸ਼ ਦੀਆਂ ਊਰਜਾ ਜ਼ਰੂਰਤਾਂ ਪ੍ਰਭਾਵਿਤ ਨਾ ਹੋਣ।