ਇੱਕ ਸਮਾਂ ਸੀ ਜਦੋਂ ਟੋਲ ਲਈ ਲੰਬੀਆਂ ਲਾਈਨਾਂ ਵਿੱਚ ਖੜ੍ਹਨਾ ਪੈਂਦਾ ਸੀ ਪਰ ਬਦਲਦੇ ਸਮੇਂ ਦੇ ਨਾਲ ਟੋਲ ਟੈਕਸ ਪ੍ਰਣਾਲੀ (toll tax system) ਵਿੱਚ ਕਾਫੀ ਸੁਧਾਰ ਹੋਇਆ ਹੈ। ਫਾਸਟੈਗ ਨੇ ਇਸ ਕੰਮ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ, ਜਿਸ ਦੀ ਮਦਦ ਨਾਲ ਮਿੰਟਾਂ 'ਚ ਟੈਕਸ ਕੱਟਿਆ ਜਾਂਦਾ ਹੈ। ਹਾਲਾਂਕਿ ਹੁਣ ਅਜਿਹਾ ਲੱਗ ਰਿਹਾ ਹੈ ਕਿ ਜਲਦ ਹੀ ਦੇਸ਼ 'ਚੋਂ ਫਾਸਟੈਗ ਹੀ ਨਹੀਂ ਸਗੋਂ ਟੋਲ ਪਲਾਜ਼ਾ ਵੀ ਗਾਇਬ ਹੋ ਜਾਣਗੇ। ਜੀ ਹਾਂ, ਇਨ੍ਹੀਂ ਦਿਨੀਂ ਸਰਕਾਰ ਇਕ ਅਜਿਹੀ ਯੋਜਨਾ 'ਤੇ ਕੰਮ ਕਰ ਰਹੀ ਹੈ ਜਿਸ ਰਾਹੀਂ ਸਿੱਧੇ ਬੈਂਕ ਖਾਤੇ 'ਚੋਂ ਟੋਲ ਟੈਕਸ ਕੱਟਿਆ ਜਾਵੇਗਾ। ਆਓ ਜਾਣਦੇ ਹਾਂ ਕਿਵੇਂ...
ਟੋਲ ਟੈਕਸ ਸਿੱਧੇ ਬੈਂਕ ਖਾਤੇ ਤੋਂ ਜਾਵੇਗਾ ਕੱਟਿਆ
ਦਰਅਸਲ, ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਹਾਲ ਹੀ ਵਿੱਚ ਸੈਟੇਲਾਈਟ ਅਧਾਰਤ ਟੋਲ ਉਗਰਾਹੀ ਪ੍ਰਣਾਲੀ ਲਿਆਉਣ ਦੀ ਗੱਲ ਕੀਤੀ ਹੈ। ਗਡਕਰੀ ਨੇ ਕਿਹਾ ਕਿ ਇਸ ਪ੍ਰਣਾਲੀ ਦੇ ਤਹਿਤ ਯਾਤਰਾ ਕੀਤੀ ਦੂਰੀ ਦੇ ਹਿਸਾਬ ਨਾਲ ਸਿੱਧੇ ਤੁਹਾਡੇ ਬੈਂਕ ਖਾਤੇ ਤੋਂ ਪੈਸੇ ਕੱਟੇ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਸਿਸਟਮ ਸਮੇਂ ਅਤੇ ਬਾਲਣ ਦੀ ਖਪਤ ਨੂੰ ਬਚਾਉਣ ਵਿੱਚ ਵੀ ਕਾਫੀ ਮਦਦ ਕਰੇਗਾ।
ਕਿਵੇਂ ਕੰਮ ਕਰੇਗਾ ਸੈਟੇਲਾਈਟ ਆਧਾਰਿਤ ਟੋਲ ਕਲੈਕਸ਼ਨ ਸਿਸਟਮ?
ਜਾਣਕਾਰੀ ਮੁਤਾਬਕ ਸੈਟੇਲਾਈਟ ਆਧਾਰਿਤ ਟੋਲ ਕੁਲੈਕਸ਼ਨ ਸਿਸਟਮ ਜੀਪੀਐਸ ਜਾਂ ਹੋਰ ਸੈਟੇਲਾਈਟ ਨੈਵੀਗੇਸ਼ਨ ਸਿਸਟਮ ਦੀ ਵਰਤੋਂ ਕਰਕੇ ਟੈਕਸ ਇਕੱਠਾ ਕਰੇਗਾ। ਇਹ ਸਿਸਟਮ ਪਹਿਲਾਂ ਵਾਹਨ ਦੀ ਸਹੀ ਸਥਿਤੀ ਦੀ ਜਾਂਚ ਕਰੇਗਾ ਅਤੇ ਉਸ ਤੋਂ ਬਾਅਦ ਹੀ ਟੋਲ ਵਸੂਲੇਗਾ। ਸੈਟੇਲਾਈਟ ਆਧਾਰਿਤ ਟੋਲ ਕਲੈਕਸ਼ਨ ਸਿਸਟਮ ਵਾਹਨਾਂ ਨੂੰ ਐਕਟਿਵ ਜਾਂ ਪੈਸਿਵ ਤਰੀਕੇ ਨਾਲ ਟੋਲ ਪੇਮੈਂਟ ਕਰਨ ਦੀ ਇਜਾਜ਼ਤ ਦੇਵੇਗਾ। ਐਕਟਿਵ ਸਿਸਟਮ ਵਿੱਚ ਟੋਲ ਪੇਮੈਂਟ ਲਈ ਇੱਕ ਡਿਵਾਈਸ ਹੁੰਦਾ ਹੈ ਜੋ ਆਪਣੇ ਆਪ ਪੈਸੇ ਕੱਟ ਲੈਂਦਾ ਹੈ। ਜਦੋਂ ਕਿ ਪੈਸਿਵ ਸਿਸਟਮ ਵਿੱਚ, ਟੋਲ ਬੂਥ 'ਤੇ ਸਥਾਪਤ ਉਪਕਰਣ ਵਾਹਨ ਦੇ ਟੋਲ ਦਾ ਫੈਸਲਾ ਕਰਦੇ ਹਨ। ਇਸ ਤੋਂ ਇਲਾਵਾ ਇਸ ਸਿਸਟਮ 'ਚ ਸੁਰੱਖਿਆ ਅਤੇ ਨਿੱਜਤਾ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ। ਇਸ ਸਿਸਟਮ ਦੇ ਆਉਣ ਨਾਲ ਵਾਹਨ ਅਤੇ ਮਾਲਕ ਦਾ ਸਾਰਾ ਡਾਟਾ ਸੁਰੱਖਿਅਤ ਹੋ ਜਾਵੇਗਾ।
ਔਸਤ ਉਡੀਕ ਸਮਾਂ ਹੋ ਗਿਆ ਪੂਰਾ
ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਫਾਸਟੈਗ ਦੀ ਸ਼ੁਰੂਆਤ ਨਾਲ, ਟੋਲ ਪਲਾਜ਼ਿਆਂ 'ਤੇ ਔਸਤ ਉਡੀਕ ਸਮਾਂ ਪਹਿਲਾਂ ਹੀ 47 ਸਕਿੰਟ ਘੱਟ ਗਿਆ ਹੈ। ਕਿਹਾ ਜਾ ਰਿਹਾ ਹੈ ਕਿ 2024 ਦੇ ਅੰਤ ਤੱਕ ਭਾਰਤ ਦਾ ਸੜਕੀ ਨੈੱਟਵਰਕ ਅਮਰੀਕਾ ਨੂੰ ਸਖ਼ਤ ਮੁਕਾਬਲਾ ਦਿੰਦਾ ਨਜ਼ਰ ਆਵੇਗਾ।