ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ 15 ਪੈਸਿਆਂ ਦੀ ਕਟੌਤੀ ਹੋਈ ਹੈ। ਸੋਮਵਾਰ ਨੂੰ ਤੇਲ ਦੀਆਂ ਕੀਮਤਾਂ ਵਿੱਚ ਕੋਈ ਵੀ ਬਦਲਾਅ ਨਹੀਂ ਸੀ ਦਰਜ ਕੀਤਾ ਗਿਆ ਪਰ ਇਸ ਤੋਂ ਪਹਿਲਾਂ ਐਤਵਾਰ ਨੂੰ ਪੈਟਰੋਲ ਦੀ ਕੀਮਤ ਵਿੱਚ 20 ਪੈਸਿਆਂ ਦੀ ਕਟੌਤੀ ਹੋਈ ਸੀ। ਤੇਲ ਦੀਆਂ ਅੰਬਰੀਂ ਚੜ੍ਹੀਆਂ ਕੀਮਤਾਂ ਕਾਰਨ ਸਰਕਾਰ ਦਾ ਲਗਾਤਾਰ ਵਿਰੋਧ ਹੋ ਰਿਹਾ ਸੀ ਤੇ ਇਸ ਦਰਮਿਆਨ 35 ਦਿਨਾਂ ਬਾਅਦ ਕੀਮਤਾਂ ਘਟੀਆਂ ਹਨ। ਕਟੌਤੀ ਦੇ ਬਾਵਜੂਦ ਹਾਲੇ ਵੀ ਪੈਟਰੋਲ ਦੀ ਕੀਮਤ 101 ਰੁਪਏ ਫ਼ੀ ਲੀਟਰ ਤੋਂ ਵੱਧ ਹੈ।
ਤਾਜ਼ਾ ਕੀਮਤਾਂ ਜਾਰੀ ਹੋਣ ਮਗਰੋਂ ਰਾਜਧਾਨੀ ਦਿੱਲੀ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 101.49 ਰੁਪਏ ਹੈ ਜਦਕਿ ਡੀਜ਼ਲ ਦਾ ਭਾਅ 88.92 ਰੁਪਏ ਫ਼ੀ ਲੀਟਰ ‘ਤੇ ਆ ਗਿਆ ਹੈ। ਉੱਧਰ, ਮਹਾਂਨਗਰ ਮੁੰਬਈ ਵਿੱਚ ਇੱਕ ਲੀਟਰ ਪੈਟਰੋਲ 107.52 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਖਰੀਦਿਆ ਜਾ ਸਕਦਾ ਹੈ ਅਤੇ ਇੱਕ ਲੀਟਰ ਡੀਜ਼ਲ ਖਰੀਦਣ ਲਈ 96.48 ਰੁਪਏ ਅਦਾ ਕਰਨੇ ਪੈਣਗੇ।
ਚੇਨੰਈ ਵਿੱਚ ਪੈਟਰੋਲ ਦੀ ਕੀਮਤ 99.20 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 93.52 ਰੁਪਏ ਫ਼ੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ। ਕੋਲਕਾਤਾ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 101.82 ਰੁਪਏ ਹੈ ਜਦਕਿ ਡੀਜ਼ਲ 91.98 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਨਰਮੀ ਕੱਚੇ ਤੇਲ ਦੀਆਂ ਕੀਮਤਾਂ ਘਟਣ ਕਰਕੇ ਆਈ ਹੈ। ਦਿੱਲੀ ਦੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਇੱਥੇ 55% ਹਿੱਸਾ ਟੈਕਸ ਦਾ ਹੀ ਹੈ। ਇਸ ਵਿੱਚ ਕੇਂਦਰ ਸਰਕਾਰ ਵੱਲੋਂ 32.90 ਰੁਪਏ ਪ੍ਰਤੀ ਲੀਟਰ ਉਤਪਾਦਨ ਲਾਗਤ ਵਜੋਂ ਵਸੂਲੇ ਜਾਂਦੇ ਹਨ ਅਤੇ ਸੂਬਾ ਸਰਕਾਰ ਵੱਲੋਂ 22.80 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਕਰ ਵਸੂਲ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਡੀਜ਼ਲ ਵਿੱਚ ਵੀ 50 ਫ਼ੀਸਦ ਹਿੱਸਾ ਟੈਕਸ ਵਜੋਂ ਸਰਕਾਰਾਂ ਵਸੂਲ ਕਰ ਲੈਂਦੀਆਂ ਹਨ। ਡੀਜ਼ਲ ਦੀ ਉਤਪਾਦਨ ਲਾਗਤ 31.80 ਰੁਪਏ ਫ਼ੀ ਲੀਟਰ ਹੈ ਤੇ 13.04 ਰੁਪਏ ਵੈਟ ਵਜੋਂ ਆਮ ਲੋਕਾਂ ਤੋਂ ਵਸੂਲੇ ਜਾਂਦੇ ਹਨ।